
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿੱਕੀ ਉਮਰੇ ਭੰਗੜੇ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ : ਪਰਨਵ ਕੁਮਾਰ ਰਤੀਵਾਲ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਨਿੱਕੀ ਉਮਰ ਵਿੱਚ ਹੀ ਆਪਣੀ ਮਿਹਨਤ, ਲਗਨ ਅਤੇ ਕਲਾ ਦੇ ਦਮ ਤੇ ਭੰਗੜੇ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਉਣ ਵਾਲੇ ਪਰਨਵ ਕੁਮਾਰ ਰਤੀਵਾਲ ਨੇ ਆਪਣੇ ਮਾਪਿਆਂ, ਸਕੂਲ ਅਤੇ ਭੰਗੜਾ ਸਿਖਲਾਈ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਪਰਨਵ ਦੀ ਇਸ ਪ੍ਰਾਪਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਸਾਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਰਨਵ ਕੁਮਾਰ ਰਤੀਵਾਲ ਦਾ ਜਨਮ 5 ਦਸੰਬਰ 2015 ਨੂੰ ਮਾਤਾ ਮੰਜੂ ਵਰਮਾ ਅਤੇ ਪਿਤਾ ਮੁੰਨੀ ਰਾਮ, ਸਹਾਇਕ ਮੈਨੇਜਰ ਫ਼ਰੀਦਕੋਟ, ਦੇ ਘਰ ਉਸ ਦੇ ਨਾਨਕੇ ਪਿੰਡ ਲਾਲਗੜ੍ਹ ਜਟਾਣਾ, ਸ੍ਰੀ ਗੰਗਾਨਗਰ ਵਿਖੇ ਹੋਇਆ। ਬਚਪਨ ਤੋਂ ਹੀ ਪਰਨਵ ਨੂੰ ਨਾਚ ਅਤੇ ਖ਼ਾਸ ਕਰਕੇ ਪੰਜਾਬੀ ਲੋਕ ਨਾਚ ਭੰਗੜੇ ਨਾਲ ਬਹੁਤ ਗਹਿਰਾ ਲਗਾਅ ਰਿਹਾ ਹੈ। ਉਸਦੇ ਇਸ ਸ਼ੌਕ ਨੂੰ ਪਰਿਵਾਰ ਵੱਲੋਂ ਵੀ ਹਮੇਸ਼ਾ ਉਤਸ਼ਾਹਿਤ ਕੀਤਾ ਗਿਆ, ਜਿਸ ਸਦਕਾ ਉਸਨੇ ਛੋਟੀ ਉਮਰ ਵਿੱਚ ਹੀ ਭੰਗੜੇ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ। ਪਰਨਵ ਨੇ ਸਾਲ 2024 25 ਦੌਰਾਨ ਆਪਣੇ ਗੁਰੂ ਹਰਜਿੰਦਰ ਸਿੰਘ ਢੋਲੀ ਅਤੇ ਜਗਸੀਰ ਸਿੰਘ ਦਿਓਲ (ਪ੍ਰਧਾਨ) ਦੀ ਰਹਿਨੁਮਾਈ ਹੇਠ ਰਿਲੇਸ਼ਨ ਸੋਸ਼ਲ ਕਲਚਰ ਐਂਡ ਸਪੋਰਟਸ ਸੋਸਾਇਟੀ, ਫ਼ਰੀਦਕੋਟ ਅਤੇ ਮਾਨ ਇੰਟਰਨੈਸ਼ਨਲ ਅਕੈਡਮੀ, ਫ਼ਰੀਦਕੋਟ ਤੋਂ ਭੰਗੜੇ ਦੀ ਵਿਧੀਵਤ ਸਿਖਲਾਈ ਪ੍ਰਾਪਤ ਕੀਤੀ। ਸਖ਼ਤ ਮਿਹਨਤ, ਨਿਰੰਤਰ ਅਭਿਆਸ ਅਤੇ ਗੁਰੂਆਂ ਦੀ ਯੋਗ ਰਹਿਨੁਮਾਈ ਸਦਕਾ ਪਰਨਵ ਨੇ ਭੰਗੜੇ ਦੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਪਰਨਵ ਦੀ ਕਲਾ ਅਤੇ ਮਿਹਨਤ ਨੂੰ ਦੇਖਦਿਆਂ ਸੋਸਾਇਟੀ ਵੱਲੋਂ ਉਸ ਨੂੰ ਮੈਡਲ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਸਨਮਾਨ ਉਸ ਦੀ ਛੋਟੀ ਉਮਰ ਵਿੱਚ ਕੀਤੀ ਜਾ ਰਹੀ ਮਿਹਨਤ ਅਤੇ ਭੰਗੜੇ ਪ੍ਰਤੀ ਉਸਦੀ ਲਗਨ ਦਾ ਪ੍ਰਤੀਕ ਹਨ।ਪਰਨਵ ਕੁਮਾਰ ਨੇ ਨਹਿਰੂ ਸਟੇਡੀਅਮ, ਫ਼ਰੀਦਕੋਟ ਵਿਖੇ ਹੋਏ ਰਾਸ਼ਟਰੀ ਮਹੱਤਵ ਦੇ ਸਮਾਗਮਾਂ ਵਿੱਚ ਵੀ ਭੰਗੜੇ ਦੀ ਟੀਮ ਦਾ ਹਿੱਸਾ ਬਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਸ ਨੇ 26 ਜਨਵਰੀ 2025 ਅਤੇ 15 ਅਗਸਤ 2026 ਨੂੰ ਭੰਗੜੇ ਦੀ ਟੀਮ ਵਿੱਚ ਸ਼ਾਮਲ ਹੋ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਉਸਨੇ ਰਿਲੇਸ਼ਨ ਸੋਸ਼ਲ ਕਲਚਰ ਐਂਡ ਸਪੋਰਟਸ ਸੋਸਾਇਟੀ, ਫ਼ਰੀਦਕੋਟ ਦੇ ਨਾਲ ਨਾਲ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਰਨਵ ਦੀ ਉਮਰ ਭਾਵੇਂ ਛੋਟੀ ਹੈ ਪਰ ਉਸਦੇ ਹੌਂਸਲੇ ਅਤੇ ਸੁਪਨੇ ਬਹੁਤ ਵੱਡੇ ਹਨ। ਭੰਗੜੇ ਵਰਗੀ ਪੰਜਾਬੀ ਵਿਰਾਸਤੀ ਕਲਾ ਨਾਲ ਜੁੜ ਕੇ ਉਹ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾ ਰਿਹਾ ਹੈ। ਪਰਨਵ ਦੀ ਲਗਨ ਅਤੇ ਪ੍ਰਾਪਤੀਆਂ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ ਕਿ ਜੇਕਰ ਮਨ ਵਿੱਚ ਲਗਨ ਅਤੇ ਮਿਹਨਤ ਹੋਵੇ ਤਾਂ ਛੋਟੀ ਉਮਰ ਵਿੱਚ ਵੀ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।