ਫਰੀਦਕੋਟ 'ਚ ਵਾਪਰਨੋਂ ਹਟਿਆ ਵੱਡਾ ਹਾਦਸਾ : ਪੁਲ ਬਣਾਉਂਦਿਆਂ ਅਚਾਨਕ ਧਸੀ ਸੜਕ, ਖੌਫ਼ 'ਚ ਆਏ ਰਾਹਗੀਰ
ਵੀਰਵਾਰ ਨੂੰ ਇਸੇ ਆਰਜ਼ੀ ਰਸਤੇ ਦੇ ਵਿਚਕਾਰਲਾ ਹਿੱਸਾ ਅਚਾਨਕ ਜ਼ਮੀਨ ਵਿੱਚ ਧੱਸ ਗਿਆ। ਕੁਝ ਹੀ ਸਮੇਂ ਵਿੱਚ ਸੜਕ ਦੇ ਵਿਚਕਾਰ ਵੱਡਾ ਟੋਆ ਬਣ ਗਿਆ। ਰਸਤਾ ਧੱਸਣ ਕਾਰਨ ਮੌਕੇ ’ਤੇ ਵਾਹਨਾਂ ਦੀ ਆਵਾਜਾਈ ਲਈ ਖਤਰਾ ਪੈਦਾ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇੱਥੋਂ ਟ੍ਰੈਫਿਕ ਰੋਕ ਦਿੱਤਾ।
Publish Date: Thu, 24 Sep 2026 03:35 PM (IST)
Updated Date: Thu, 24 Sep 2026 03:42 PM (IST)
ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ : ਫਰੀਦਕੋਟ ਦੇ ਕੋਟਕਪੂਰਾ ਰੋਡ ’ਤੇ ਪੁਲ ਨਿਰਮਾਣ ਦੌਰਾਨ ਵੀਰਵਾਰ ਨੂੰ ਟ੍ਰੈਫਿਕ ਦੀ ਆਵਾਜਾਈ ਲਈ ਬਣਾਇਆ ਗਿਆ ਆਰਜ਼ੀ ਰਸਤਾ ਅਚਾਨਕ ਧੱਸ ਗਿਆ। ਰਸਤੇ ਦੇ ਵਿਚਕਾਰ ਵੱਡਾ ਟੋਆ ਬਣ ਜਾਣ ਕਾਰਨ ਇੱਥੋਂ ਵਾਹਨਾਂ ਦੀ ਆਵਾਜਾਈ ਤੁਰੰਤ ਰੋਕਣੀ ਪਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਦਿਆਂ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਡਾਇਵਰਟ ਕੀਤਾ ਗਿਆ।
ਕੋਟਕਪੂਰਾ ਰੋਡ ’ਤੇ ਸੇਮ ਨਾਲੇ ਉੱਪਰ ਬਣਿਆ ਪੁਰਾਣਾ ਪੁਲ ਕਰੀਬ 60 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਲ ਕਾਫ਼ੀ ਤੰਗ ਹੋਣ ਕਾਰਨ ਇੱਥੇ ਆਵਾਜਾਈ ਦੌਰਾਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਾਰਨ ਪੁਰਾਣੇ ਪੁਲ ਦੀ ਥਾਂ ਨਵਾਂ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਨਿਰਮਾਣ ਕਾਰਜ ਦੌਰਾਨ ਮੁੱਖ ਰਸਤੇ ਤੋਂ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਪੁਲ ਦੇ ਨਾਲ ਹੀ ਆਰਜ਼ੀ ਰਸਤਾ ਤਿਆਰ ਕੀਤਾ ਗਿਆ ਸੀ।
ਵੀਰਵਾਰ ਨੂੰ ਇਸੇ ਆਰਜ਼ੀ ਰਸਤੇ ਦੇ ਵਿਚਕਾਰਲਾ ਹਿੱਸਾ ਅਚਾਨਕ ਜ਼ਮੀਨ ਵਿੱਚ ਧੱਸ ਗਿਆ। ਕੁਝ ਹੀ ਸਮੇਂ ਵਿੱਚ ਸੜਕ ਦੇ ਵਿਚਕਾਰ ਵੱਡਾ ਟੋਆ ਬਣ ਗਿਆ। ਰਸਤਾ ਧੱਸਣ ਕਾਰਨ ਮੌਕੇ ’ਤੇ ਵਾਹਨਾਂ ਦੀ ਆਵਾਜਾਈ ਲਈ ਖਤਰਾ ਪੈਦਾ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇੱਥੋਂ ਟ੍ਰੈਫਿਕ ਰੋਕ ਦਿੱਤਾ।
ਸਮੇਂ ਸਿਰ ਪਤਾ ਲੱਗਣ ਕਾਰਨ ਟਲਿਆ ਹਾਦਸਾ
ਗਨੀਮਤ ਰਹੀ ਕਿ ਆਰਜ਼ੀ ਰਸਤਾ ਧੱਸਣ ਦੀ ਜਾਣਕਾਰੀ ਸਮੇਂ ਸਿਰ ਮਿਲ ਗਈ ਅਤੇ ਕਿਸੇ ਵਾਹਨ ਦੇ ਟੋਏ ਵਾਲੇ ਹਿੱਸੇ ਤੋਂ ਲੰਘਣ ਤੋਂ ਪਹਿਲਾਂ ਹੀ ਆਵਾਜਾਈ ਬੰਦ ਕਰ ਦਿੱਤੀ ਗਈ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਤੋਂ ਬਾਅਦ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਗਵੀਰ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ।
ਪੁਲਿਸ ਟੀਮ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਰਸਤੇ ਤੋਂ ਆਵਾਜਾਈ ਬੰਦ ਰੱਖੀ ਅਤੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਕੱਢਿਆ। ਇਸ ਦੌਰਾਨ ਵਾਹਨ ਚਾਲਕਾਂ ਨੂੰ ਵੀ ਸਾਵਧਾਨੀ ਨਾਲ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ।
ਠੇਕੇਦਾਰ ਨੇ ਸ਼ੁਰੂ ਕਰਵਾਇਆ ਮੁਰੰਮਤ ਦਾ ਕੰਮ
ਆਰਜ਼ੀ ਰਸਤਾ ਧੱਸਣ ਤੋਂ ਬਾਅਦ ਠੇਕੇਦਾਰ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਧੱਸੇ ਹੋਏ ਹਿੱਸੇ ਨੂੰ ਠੀਕ ਕਰਨ ਅਤੇ ਰਸਤੇ ਨੂੰ ਮੁੜ ਆਵਾਜਾਈ ਯੋਗ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਮੁਰੰਮਤ ਪੂਰੀ ਹੋਣ ਤੋਂ ਬਾਅਦ ਹੀ ਇੱਥੋਂ ਟ੍ਰੈਫਿਕ ਨੂੰ ਮੁੜ ਆਮ ਤਰੀਕੇ ਨਾਲ ਚਲਾਉਣ ਦੀ ਵਿਵਸਥਾ ਕੀਤੀ ਜਾਵੇਗੀ। ਫਿਲਹਾਲ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਹੀ ਆਵਾਜਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।