ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵੱਡਾ ਐਕਸ਼ਨ, 25 ਮੈਡੀਕਲ ਉਮੀਦਵਾਰ ਐੱਮਬੀਬੀਐੱਸ ਦਾਖ਼ਲੇ ਤੋਂ ਡਿਬਾਰ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵੱਡਾ ਐਕਸ਼ਨ, 25 ਮੈਡੀਕਲ ਉਮੀਦਵਾਰ ਐਮਬੀਬੀਐਸ ਦਾਖ਼ਲੇ ਤੋਂ ਡਿਬਾਰ
Publish Date: Tue, 01 Sep 2026 07:00 PM (IST)
Updated Date: Wed, 02 Sep 2026 04:02 AM (IST)
01 ਐਫਡੀਕੇ : ਬਾਬਾ ਫਰੀਦ ਯੂਨੀਵਰਸਿਟੀ ਦੀ ਤਸਵੀਰ। * ਯੂਨੀਵਰਸਿਟੀ ਵੱਲੋਂ ਕੀਤੀ ਜਾਂਚ ਤੇ ਦਸਤਾਵੇਜ਼ਾਂ ਦੀ ਕਰਾਸ-ਵੈਰੀਫਿਕੇਸ਼ਨ ਦੌਰਾਨ ਹੋਇਆ ਖੁਲਾਸਾ ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ 85 ਫ਼ੀਸਦੀ ਪੰਜਾਬ ਸਟੇਟ ਕੋਟੇ ਤਹਿਤ ਐੱਮਬੀਬੀਐੱਸ ਦਾਖ਼ਲੇ ਲਈ ਅਪਲਾਈ ਕਰਨ ਵਾਲੇ 25 ਮੈਡੀਕਲ ਉਮੀਦਵਾਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਯੂਨੀਵਰਸਿਟੀ ਵੱਲੋਂ ਕੀਤੀ ਗਈ ਜਾਂਚ ਤੇ ਦਸਤਾਵੇਜ਼ਾਂ ਦੀ ਕਰਾਸ-ਵੈਰੀਫਿਕੇਸ਼ਨ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਉਮੀਦਵਾਰਾਂ ਨੇ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਟੇਟ ਕੋਟਾ ਸੀਟਾਂ ਲਈ ਵੀ ਅਰਜ਼ੀਆਂ ਦਿੱਤੀਆਂ ਸਨ। ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਦਿਆਂ ਯੂਨੀਵਰਸਿਟੀ ਨੇ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਅਕਾਦਮਿਕ ਸੈਸ਼ਨ 2026-27 ਲਈ ਪੰਜਾਬ ਸਟੇਟ ਕੋਟੇ ਦੀ ਦਾਖ਼ਲਾ ਪ੍ਰਕਿਰਿਆ ਤੋਂ ਡਿਬਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਡਿਬਾਰ ਕੀਤੇ ਗਏ 25 ਉਮੀਦਵਾਰਾਂ ’ਚੋਂ 8 ਨੇ ਚੰਡੀਗੜ੍ਹ, 5 ਨੇ ਕਰਨਾਟਕ, 3-3 ਨੇ ਹਿਮਾਚਲ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀਆਂ ਸਟੇਟ ਕੋਟਾ ਸੀਟਾਂ ਲਈ ਅਪਲਾਈ ਕੀਤਾ ਸੀ। ਇਸ ਤੋਂ ਇਲਾਵਾ ਅਸਾਮ, ਤੇਲੰਗਾਨਾ, ਜੰਮੂ-ਕਸ਼ਮੀਰ, ਤਾਮਿਲਨਾਡੂ, ਉੱਤਰਾਖੰਡ ਤੇ ਮਹਾਰਾਸ਼ਟਰ ਦੇ ਸਟੇਟ ਕੋਟੇ ਲਈ ਵੀ ਇੱਕ-ਇੱਕ ਉਮੀਦਵਾਰ ਵੱਲੋਂ ਅਰਜ਼ੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਯੂਨੀਵਰਸਿਟੀ ਨੇ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ 10 ਜੁਲਾਈ 2026 ਨੂੰ ਜਾਰੀ ਕੀਤੀ ਅਧਿਸੂਚਨਾ ਦੇ ਕਲਾਜ਼-18 ਤਹਿਤ ਕੀਤੀ ਹੈ। ਨਿਯਮਾਂ ਅਨੁਸਾਰ ਕੋਈ ਵੀ ਉਮੀਦਵਾਰ ਇੱਕੋ ਸਮੇਂ ਇੱਕ ਤੋਂ ਵੱਧ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਟੇਟ ਕੋਟਾ ਸੀਟ ਲਈ ਦਾਅਵਾ ਨਹੀਂ ਕਰ ਸਕਦਾ। ਰਿਕਾਰਡ ਦੀ ਕਰਾਸ-ਵੈਰੀਫਿਕੇਸ਼ਨ ਦੌਰਾਨ ਜਦੋਂ ਇਸ ਸਬੰਧੀ ਉਲੰਘਣਾ ਸਾਹਮਣੇ ਆਈ ਤਾਂ ਯੂਨੀਵਰਸਿਟੀ ਵੱਲੋਂ ਸਬੰਧਤ ਉਮੀਦਵਾਰਾਂ ਨੂੰ ਪੰਜਾਬ ਸਟੇਟ ਕੋਟੇ ਦੀ ਦਾਖ਼ਲਾ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੀ ਗੜਬੜ ਨੂੰ ਰੋਕਣ ਲਈ ਦਾਖ਼ਲਾ ਪ੍ਰਕਿਰਿਆ ਦੌਰਾਨ ਉਮੀਦਵਾਰ ਤੇ ਉਸ ਦੇ ਮਾਪਿਆਂ ਤੋਂ ਹਲਫ਼ਨਾਮਾ ਵੀ ਲਿਆ ਜਾਂਦਾ ਹੈ। ਇਸ ਵਿੱਚ ਇਹ ਘੋਸ਼ਣਾ ਕਰਨੀ ਹੁੰਦੀ ਹੈ ਕਿ ਉਮੀਦਵਾਰ ਕਿਸੇ ਹੋਰ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਟੇਟ ਕੋਟਾ ਸੀਟ ਲਈ ਦਾਅਵਾ ਨਹੀਂ ਕਰ ਰਿਹਾ। ਯੂਨੀਵਰਸਿਟੀ ਨੂੰ ਕੁਝ ਉਮੀਦਵਾਰਾਂ ਵੱਲੋਂ ਨਿਯਮਾਂ ਦੇ ਉਲਟ ਹੋਰ ਸੂਬਿਆਂ ਦੀਆਂ ਸਟੇਟ ਕੋਟਾ ਸੀਟਾਂ ਲਈ ਅਪਲਾਈ ਕਰਨ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਡੋਮੀਸਾਈਲ ਸਰਟੀਫਿਕੇਟਾਂ ਸਮੇਤ ਹੋਰ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਮਗਰੋਂ 25 ਉਮੀਦਵਾਰਾਂ ਦੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।