- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਗੰਜ ਵਿਖੇ ‘ਰੀਟੇਕ ਜ਼ਿੰਦਗੀ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਸ਼ੇਖ ਫਰੀਦ ਆਗਮਨ ਪੁਰਬ-2026 ਦੇ ਸਬੰਧ ਵਿੱਚ ਦਰਬਾਰ ਗੰਜ, ਫਰੀਦਕੋਟ ਵਿਖੇ ਬੀਤੀ ਸ਼ਾਮ ਕਰਵਾਏ ਗਏ ਡਰਾਮਾ ਫੈਸਟੀਵਲ ਦੌਰਾਨ ਕਲਾਕਾਰਾਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੌਹਰ ਦਿਖਾਏ ਗਏ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ, ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਡੀ) ਸੰਦੀਪ ਮਲਹੋਤਰਾ, ਐਸ.ਡੀ.ਐਮ ਜੈਤੋ ਵਿਕਰਮਜੀਤ ਸਿੰਘ, ਤਹਿਸੀਲਦਾਰ ਪਰਮਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸੁਚੇਤਕ ਰੰਗ ਮੰਚ, ਪਟਿਆਲਾ ਵੱਲੋਂ ‘ਰੀਟੇਕ ਜ਼ਿੰਦਗੀ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਨਾਟਕ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਅਤੇ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ। ਨਾਟਕ ਰਾਹੀਂ ਪਤੀ-ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ, ਖੂਬਸੂਰਤ ਅਤੇ ਸੁਖਾਵਾਂ ਬਣਾਉਣ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੁਨੇਹਾ ਦਿੱਤਾ ਗਿਆ। ਨਾਟਕ ਵਿੱਚ ਪਰਿਵਾਰਕ ਜੀਵਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦਿਆਂ ਦਰਸ਼ਕਾਂ ਨੂੰ ਆਪਸੀ ਸਮਝ, ਸਹਿਯੋਗ, ਪਿਆਰ ਅਤੇ ਸਤਿਕਾਰ ਨਾਲ ਰਿਸ਼ਤਿਆਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਲਗਭਗ ਡੇਢ ਘੰਟੇ ਤੱਕ ਚੱਲੇ ਇਸ ਨਾਟਕ ਦਾ ਦਰਸ਼ਕਾਂ ਨੇ ਰੱਜ ਕੇ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਦਰਬਾਰ ਗੰਜ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਨਾਟਕ ਰਾਹੀਂ ਦਿੱਤੇ ਗਏ ਸਮਾਜਿਕ ਸੁਨੇਹੇ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਪੇਸ਼ਕਾਰੀ ਨੂੰ ਬਾਬਾ ਫਰੀਦ ਆਗਮਨ ਪੁਰਬ ਦੇ ਸੱਭਿਆਚਾਰਕ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਦੱਸਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।