- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਦੇ ਸਕੱਤਰ ਮਦਨ ਲਾਲ ਗੋਇਲ ਨੇ ਸਟਾਫ਼ ਅਤੇ ਪ੍ਰਬੰਧਕੀ ਕਮੇਟੀ ਨਾਲ ਆਪਣਾ 83ਵਾਂ ਜਨਮਦਿਨ ਮਨਾਇਆ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਵਿਹੜੇ ਵਿੱਚ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਦੇ ਸਕੱਤਰ ਮਦਨ ਲਾਲ ਗੋਇਲ ਵੱਲੋਂ ਆਪਣੇ 83ਵੇਂ ਜਨਮਦਿਨ ਦੇ ਮੌਕੇ ’ਤੇ ਇੱਕ ਸਾਦਗੀਪੂਰਨ ਪਰ ਯਾਦਗਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਜੀਨੀਅਸ ਸਕੂਲ ਅਤੇ ਸਰਸਵਤੀ ਪਲੇਅ ਵੇ ਸਕੂਲ ਦੇ ਸਮੂਹ ਸਟਾਫ਼ ਅਤੇ ਸਰਸਵਤੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਲਈ ਵਿਸ਼ੇਸ਼ ਪਾਰਟੀ ਰੱਖੀ ਗਈ, ਜਿਸ ਵਿੱਚ ਖੁਸ਼ੀ ਅਤੇ ਆਪਣੇਪਣ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਬਾਂਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰਦਰਪਾਲ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਪ੍ਰਸ਼ੋਤਮ ਸਿੰਗਲਾ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ, ਮੈਂਬਰ ਸਤਪਾਲ ਗਰਗ ਅਤੇ ਸਾਹਿਲ ਮਿੱਤਲ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਹਾਜ਼ਰ ਰਹੇ। ਇਸ ਤੋਂ ਇਲਾਵਾ ਸਰਸਵਤੀ ਜੀਨੀਅਸ ਸਕੂਲ ਦੀ ਪ੍ਰਿੰਸੀਪਲ ਗਗਨਦੀਪ ਕੌਰ, ਸਰਸਵਤੀ ਪਲੇਅ ਵੇ ਸਕੂਲ ਦੀ ਪ੍ਰਿੰਸੀਪਲ ਵਨੀਤਾ ਮਿੱਤਲ ਅਤੇ ਅੰਕੁਰ ਮਿੱਤਲ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਜਨਮਦਿਨ ਦੀਆਂ ਵਧਾਈਆਂ ਭੇਟ ਕੀਤੀਆਂ। ਸਮਾਗਮ ਦੀ ਸ਼ੁਰੂਆਤ ਕੇਕ ਕਟਿੰਗ ਦੀ ਰਸਮ ਨਾਲ ਹੋਈ। ਇਸ ਉਪਰੰਤ ਹਾਜ਼ਰ ਸਮੂਹ ਪ੍ਰਬੰਧਕਾਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਮਦਨ ਲਾਲ ਗੋਇਲ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਨਿਰੋਗ ਜੀਵਨ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਆਪਸੀ ਸਾਂਝ, ਪਿਆਰ ਅਤੇ ਪਰਿਵਾਰਕ ਮਾਹੌਲ ਨੇ ਹਰ ਇੱਕ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ ਨੇ ਆਪਣੇ ਸੰਬੋਧਨ ਵਿੱਚ ਮਦਨ ਲਾਲ ਗੋਇਲ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ, ਸਾਦਗੀ ਅਤੇ ਸੇਵਾ ਭਾਵਨਾ ਸਦਕਾ ਸਰਸਵਤੀ ਵਿਦਿਅਕ ਸੰਸਥਾਵਾਂ ਨੇ ਇਲਾਕੇ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਸੰਸਥਾਵਾਂ ਨਾ ਸਿਰਫ਼ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਨਿਰੰਤਰ ਯਤਨਸ਼ੀਲ ਹਨ। ਇਸ ਮੌਕੇ ਭਾਵੇਂ ਸਰਸਵਤੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕੁਸਮ ਕਾਲੜਾ ਕਿਸੇ ਅਤਿ-ਜ਼ਰੂਰੀ ਰੁਝੇਵੇਂ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਵੀਡੀਓ ਸੰਦੇਸ਼ ਰਾਹੀਂ ਮਦਨ ਲਾਲ ਗੋਇਲ ਨੂੰ ਜਨਮਦਿਨ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਨਿਰੰਤਰ ਸਫ਼ਲਤਾਵਾਂ ਦੀ ਕਾਮਨਾ ਕੀਤੀ। ਸਮਾਗਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ ਲਈ ਸਨੇਹ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਇਕੱਠੇ ਹੋ ਕੇ ਜਨਮਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਇਸ ਯਾਦਗਾਰ ਪਲ ਨੂੰ ਸਦਾ ਲਈ ਯਾਦਗਾਰ ਬਣਾਇਆ।