- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਰੋਜ਼ਾ ਪਸ਼ੂਧਨ ਤੇ ਕਿਸਾਨ ਮੇਲਾ ਦਾ ਆਯੋਜਨ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਤਹਿਤ ਤਿੰਨ ਰੋਜ਼ਾ ਪਸ਼ੂਧਨ ਤੇ ਕਿਸਾਨ ਮੇਲਾ ਦਾ ਆਯੋਜਨ ਸਾਦਿਕ ਰੋਡ, ਦਾਣਾ ਮੰਡੀ, ਫ਼ਰੀਦਕੋਟ ਵਿਖੇ ਕੀਤਾ ਗਿਆ । ਜਿਸ ਵਿੱਚ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਸ.ਸੇਖੋਂ ਨੇ ਕਿਹਾ ਕਿ ਪਸ਼ੂ ਪਾਲਣ ਧੰਦਾ ਬਹੁਤ ਹੀ ਫਾਇਦੇਮੰਦ ਧੰਦਾ ਹੈ ਅਤੇ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਕਿੱਤੇ ਨੂੰ ਵੱਧ ਤੋਂ ਵੱਧ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਧਨ ਮੁਕਾਬਿਲਆਂ ਨੂੰ ਹੋਰ ਵੀ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੇਲੇ ਦੇ ਪਹਿਲੇ ਦਿਨ ਕੁੱਤਿਆਂ ਦੀਆਂ ਵੱਖ-ਵੱਖ ਕੈਟੇਗਰੀਆਂ ਵਿੱਚ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਪਸ਼ੂ ਪਾਲਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਿਧਾਇਕ ਸ. ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਰੋਜ਼ਾ ਪਸ਼ੂਮੇਲੇ ਵਿੱਚ ਘੋੜਿਆਂ ਦੇ, ਮੱਝਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ, ਪਸ਼ੂਆਂ ਦੀ ਸਿਹਤ ਸੰਭਾਲ, ਡੇਅਰੀ ਵਿਕਾਸ ਅਤੇ ਆਧੁਨਿਕ ਖੇਤੀ ਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਸ਼ੂ ਮੇਲੇ ਵਿੱਚ ਪਸ਼ੂਪਾਲਕ ਕਿਸੇ ਵੀ ਰਾਜ ਤੋਂ ਆ ਕੇ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਮੇਲੇ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ, ਉਨ੍ਹਾਂ ਦੇ ਚਾਰੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਪਸ਼ੂ ਪਾਲਕਾਂ ਲਈ ਵੀ ਰਹਿਣ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਪਸ਼ੂ ਮੇਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਇਹ ਮੁਕਾਬਲੇ ਪਸ਼ੂ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸਾਹਤ ਕਰਨਗੇ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਪੰਜਾਬ ਦੇ ਹਰ ਕੋਨੇ ਤੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਫ਼ਰੀਦਕੋਟ ਪਹੁੰਚਣ ਅਤੇ ਇਸ ਇਤਿਹਾਸਕ ਮੇਲੇ ਦਾ ਹਿੱਸਾ ਬਣਨ। ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਰਜਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਬਾਬਾ,ਡਾ. ਹਰਵੀਨ ਕੌਰ ਧਾਲੀਵਾਲ, ਜੁਆਇੰਟ ਡਾਇਰੈਕਟਰ ਪਸ਼ੂ ਪਾਲਣ , ਡਾ. ਜਸਵਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ,ਡਾ. ਸੁਰਜੀਤ ਸਿੰਘ ਮੱਲ, ਸਹਾਇਕ ਡਾਇਰੈਕਟਰ, ਪਸ਼ੂ ਪਾਲਣ, ਡਾ. ਜਸਵਿੰਦਰ ਗਰਗ, ਸਹਾਇਕ ਡਾਇਰੈਕਟਰ,ਡਾ. ਹਿਮਾਂਸ਼ੂ ਸਿਆਲ, ਡਿਪਟੀ ਡਾਇਰੈਕਟਰ,ਡਾ. ਗੁਰਦਿੱਤ ਸਿੰਘ, ਡਿਪਟੀ ਡਾਇਰੈਕਟਰ, ਡਾ. ਕੇਵਲ ਅਰੋੜਾ, ਤਹਿਸੀਲਦਾਰ ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।