ਸਾਂਝੇ ਮੰਡੀਕਰਨ ਦੇ ਉਪਰਾਲੇ ਕਰਨਾ ਸਮੇਂ ਦੀ ਲੋੜ : ਉਮੇਂਦਰ ਦੱਤ
ਸਾਂਝੇ ਮੰਡੀਕਰਨ ਦੇ ਉਪਰਾਲੇ ਕਰਨਾ ਸਮੇਂ ਦੀ ਲੋੜ : ਉਮੇਂਦਰ ਦੱਤ
Publish Date: Tue, 17 Feb 2026 04:05 PM (IST)
Updated Date: Wed, 18 Feb 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕੁਦਰਤੀ ਖੇਤੀ ਨਾਲ ਜੁੜੇ ਕਿਸਾਨਾਂ ਦੀ ਮਹੀਨਾਵਾਰ ਕਿਸਾਨ ਗੋਸ਼ਟੀ ਇੱਥੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਦੀ ਸਦਾਰਤ ਹੇਠ ਆਯੋਜਤ ਕੀਤੀ ਗਈ। ਇਸ ਮੌਕੇ ਕੁਦਰਤੀ ਖੇਤੀ ਨਾਲ ਜੁੜੇ ਕਈ ਮੁੱਦਿਆਂ ਅਤੇ ਭਵਿੱਖ ਦੀ ਯੋਜਨਾਬੰਦੀ ਬਾਰੇ ਚਰਚਾ ਕੀਤੀ ਗਈ। ਪਿਛਲੀ ਮੀਟਿੰਗ ਦੌਰਾਨ ਲਏ ਫ਼ੈਸਲਿਆਂ ’ਤੇ ਹੋਈ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਗੋਸ਼ਟੀ ਦੌਰਾਨ ਕਿਸਾਨਾਂ ਵੱਲੋਂ ਕੁਦਰਤੀ ਖੇਤੀ ਤਹਿਤ ਉਗਾਈਆਂ ਜ਼ਹਿਰ ਮੁਕਤ ਫ਼ਸਲਾਂ (ਅਨਾਜ ਅਤੇ ਸਬਜ਼ੀਆਂ ਆਦਿ) ਦੀ ਵਪਾਰਕ ਵਿੱਕਰੀ ਬਾਰੇ ਵਿਉਂਤਬੰਦੀ ਬਾਰੇ ਚਰਚਾ ਵੀ ਅੱਗੇ ਤੋਰੀ ਗਈ। ਵੱਖ-ਵੱਖ ਕਿਸਾਨਾਂ ਵੱਲੋਂ ਆਏ ਸੁਝਾਵਾਂ ਦੇ ਮੱਦੇਨਜ਼ਰ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਵੱਲੋਂ ਉਗਾਈਆਂ ਜਾਂਦੀਆਂ ਫ਼ਸਲਾਂ ਬਾਰੇ ਸੂਚੀ ਤਿਆਰ ਕਰਕੇ ਵਿਕਰੀ ਕੇਂਦਰ ਦੀਆਂ ਜ਼ਰੂਰਤਾਂ ਅਨੁਸਾਰ ਵੱਖ-ਵੱਖ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਵਿਕਰੀ ਕੇਂਦਰ ਉੱਤੇ ਵੱਧ ਵੰਨਗੀ ਹੋ ਸਕੇ। ਇਸ ਮੌਕੇ ਉਮੇਂਦਰ ਦੱਤ ਨੇ ਕਿਹਾ ਕਿ ਉਤਪਾਦਨ ਅਤੇ ਵਿਕਰੀ ਦਾ ਪੂਰਾ ਕੰਮ ਕਿਸਾਨਾਂ ਵੱਲੋਂ ਆਪਣਾ ਗੁਰੱਪ ਬਣਾ ਕੇ ਕੀਤਾ ਜਾਣਾ ਵੱਧ ਕਾਰਗਰ ਹੈ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਵਿੱਚ ਸਾਂਝੇ ਮੰਡੀਕਰਨ ਦਾ ਤਜ਼ਰਬਾ ਬੇਹੱਦ ਸਫ਼ਲ ਹੈ। ਗੋਸ਼ਟੀ ਦੌਰਾਨ ਇਹ ਵੀ ਵਿਚਾਰ ਆਇਆ ਕਿ ਕਣਕ-ਝੋਨੇ ਦੇ ਬਦਲ ਵਜੋਂ ਸਬਜ਼ੀਆਂ, ਦਾਲਾਂ, ਤੇਲ ਬੀਜਾਂ, ਮਸਾਲਿਆਂ, ਗੰਨੇ ਆਦਿ ’ਤੇ ਧਿਆਨ ਕੇਂਦਰਤ ਕੀਤਾ ਜਾਵੇ। ਫ਼ਸਲਾਂ ਦੇ ਮੰਡੀਕਰਨ ਨੂੰ ਹੋਰ ਬਾਰੀਕੀ ਨਾਲ ਸਮਝਣ ਲਈ ਇੱਕ ਵਿਸ਼ੇਸ਼ ਕਾਰਜਸ਼ਾਲਾ 21 ਫ਼ਰਵਰੀ ਸਵੇਰੇ 10.00 ਵਜੇ ਰੱਖੀ ਗਈ ਹੈ। ਇਸ ਮੌਕੇ ਦੇਸ਼ ਭਰ ਵਿੱਚ ਸਾਂਝੇ ਮੰਡੀਕਰਨ ਦੀਆਂ ਸਫ਼ਲ ਉਦਾਹਰਨਾਂ ਸਹਿਤ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਉਮੇਂਦਰ ਦੱਤ ਨੇ ਇਸ ਮੌਕੇ ਹਾਜ਼ਰ ਕਿਸਾਨਾਂ ਨਾਲ 19 ਮਾਰਚ 2026 ਤੋਂ ਸ਼ੁਰੂ ਹੋਣ ਵਾਲੀ ਭੂਮੀ ਪੋਸ਼ਣ ਅਤੇ ਸੰਭਾਲ ਲੋਕ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਮਹੱਤਵ ਅਤੇ ਕੀਤੇ ਜਾਣ ਵਾਲੇ ਪ੍ਰੋਰਗਾਮ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ ਭਾਰਤ ਵਿਚ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਜੈਤੋ ਖੇਤਰ ਵਿਚ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਣਾ ਹੈ ਜੋ ਕਿਸੇ ਕਿਸਾਨ ਦੇ ਖੇਤ ਵਿੱਚ ਕੀਤਾ ਜਾਵੇਗਾ। ਕਿਸਾਨਾਂ ਨੂੰ ਬਠਿੰਡਾ ਵਿਖੇ ਟਰੀ ਲਵਰਜ਼ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਚੌਥੇ ਬਠਿੰਡਾ ਫਲਾਵਰ ਫੈਸਟੀਵਲ ਬਾਰੇ ਵੀ ਦੱਸਿਆ ਗਿਆ। ਇਸ ਫੈਸਟੀਵਲ ਵਿਚ ਖੇਤੀ ਵਿਰਾਸਤ ਮਿਸ਼ਨ ਦੀ ਭਾਗੀਦਾਰੀ ਅਤੇ ਉੱਥੇ ਕੀਤੇ ਜਾਣ ਵਾਲੇ ਪੋ੍ਰਗਰਾਮਾਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਇਹ ਫੈਸਟੀਵਲ 7 ਮਾਰਚ ਅਤੇ 8 ਮਾਰਚ ਨੂੰ ਹੋਵੇਗਾ। ਉੱਥੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਦ ਲਿਵਿੰਗ ਅਰਥ ਪੈਵੇਲੀਅਨ ਲਾਇਆ ਜਾ ਰਿਰਾ ਹੈ। ਜਿਸ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਵੱਖ-ਵੱਖ ਪਹਿਲੂਆਂ ਬਾਰੇ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਕੀਤੀਆਂ ਜਾਣਗੀਆਂ। ਇਸ ਮੌਕੇ ਦਰਸ਼ਨ ਸਿੰਘ ਬਲ੍ਹਾੜੀਆ ਦਬੜ੍ਹੀਖਾਨਾ, ਚਰਨਜੀਤ ਸਿੰਘ ਪੰਨੀ ਚੈਨਾ, ਚਰਨਜੀਤ ਸਿੰਘ ਬਰਾੜ, ਕਸ਼ਮੀਰ ਸਿੰਘ ਰੋੜੀਕਪੂਰਾ, ਸਰਬਜੀਤ ਕੌਰ ਚੈਨਾ ਜ਼ਸਵੀਰ ਕੌਰ ਜੈਤੋ, ਗੋਰਾ ਸਿੰਘ, ਰਮੇਸ਼ ਮਾਂਡੀਆ, ਸੁਖਵਿੰਦਰ ਸਿੰਘ ਹੈਪੀ, ਹਰਮੇਲ ਪਰੀਤ, ਨਵਦੀਪ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਕਰੀਨਾ ਬਾਂਸਲ ਆਦਿ ਮੌਜੂਦ ਸਨ।