ਫਰੀਦਕੋਟ 'ਚ ਜਨਮਾਸ਼ਟਮੀ ਦੀ ਧੂਮ: ਮੰਦਰਾਂ 'ਚ ਸਜੀਆਂ ਸੁੰਦਰ ਝਾਕੀਆਂ, ਰਾਸਲੀਲਾ ਤੇ ਸੰਕੀਰਤਨ ਨੇ ਮੋਹਿਆ ਮਨ ਫਰੀਦਕੋਟ 'ਚ ਜਨਮਾਸ਼ਟਮੀ ਦੀ ਧੂਮ: ਮੰਦਰਾਂ 'ਚ ਸਜੀਆਂ ਸੁੰਦਰ ਝਾਕੀਆਂ, ਰਾਸਲੀਲਾ ਤੇ ਸੰਕੀਰਤਨ ਨੇ ਮੋਹਿਆ ਮਨ
Publish Date: Sat, 05 Sep 2026 04:03 PM (IST)
Updated Date: Sat, 05 Sep 2026 04:04 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਤੇ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਨੂੰ ਆਕਰਸ਼ਕ ਲਾਈਟਾਂ ਅਤੇ ਮਨਮੋਹਕ ਝਾਕੀਆਂ ਨਾਲ ਸਜਾਇਆ ਗਿਆ, ਜਿੱਥੇ ਦੇਰ ਰਾਤ ਤੱਕ ਸ਼ਰਧਾਲੂਆਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਨਿਊ ਕੈਂਟ ਰੋਡ ਸਥਿਤ ਸ਼੍ਰੀ ਹਨੂਮਾਨਗੜ੍ਹੀ ਮੰਦਰ, ਸ਼੍ਰੀ ਸ਼ਿਵ ਹਨੁਮਾਨ ਮੰਦਿਰ ਪੰਚਵਟੀ ਗਊਸ਼ਾਲਾ, ਸ੍ਰੀ ਸ਼ਿਵ ਮੰਦਿਰ ਮੁਹੱਲਾ ਤਲਾਬ,ਸ਼੍ਰੀ ਪ੍ਰਾਚੀਨ ਠਾਕੁਰਦੁਆਰਾ ਮੰਦਰ, ਸ਼੍ਰੀ ਹਨੂਮਾਨ ਮੰਦਰ ਆਨਦੈਆਂਣਾ ਦਾ ਗੇਟ,, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਗੇਲਾ ਰਾਮ ਟਰਸਟ,, ਸ਼੍ਰੀ ਸ਼ਿਆਮਾ ਸ਼ਿਆਮ ਮੰਦਰ ਅਤੇ ਦੇਵੀ ਦੁਆਰਾ ਮੰਦਰ ਵਿਖੇ ਬਾਲ ਗੋਪਾਲ ਲਈ ਵਿਸ਼ੇਸ਼ ਝੂਲੇ ਤਿਆਰ ਕੀਤੇ ਗਏ। ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੇ ਦਰਸ਼ਨ ਕੀਤੇ ਅਤੇ ਸ਼ਰਧਾ ਨਾਲ ਝੂਲਾ ਝੁਲਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਕਿਲਾ ਚੌਂਕ ਸਥਿਤ ਸ਼੍ਰੀ ਹਨੂਮਾਨ ਮੰਦਰ ਵਿੱਚ ਰਾਸਲੀਲਾ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਵਿੱਚ ਬਾਹਰੋਂ ਆਏ ਕਲਾਕਾਰਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਵੱਖ-ਵੱਖ ਲੀਲਾਵਾਂ ਦੀਆਂ ਸੁੰਦਰ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਇਲਾਵਾ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਵੀ ਭਵਿਆ ਕੀਰਤਨ ਸੰਧਿਆ ਕਰਵਾਈ ਗਈ, ਜਿੱਥੇ ਸ਼ਰਧਾਲੂ ਦੇਰ ਰਾਤ ਤੱਕ ਭਜਨ-ਕੀਰਤਨ ਦਾ ਅਨੰਦ ਲੈਂਦੇ ਰਹੇ। ਰਾਤ ਨੂੰ ਠੀਕ 12 ਵਜੇ ਜਿਵੇਂ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਮੰਦਰ ਸ਼ੰਖਾਂ ਦੀ ਗੂੰਜ, ਘੰਟੀਆਂ ਅਤੇ ਨੰਦ ਘਰ ਆਨੰਦ ਭਇਓ, ਜੈ ਕੱਨ੍ਹਈਆ ਲਾਲ ਕੀ ਦੇ ਜੈਕਾਰਿਆਂ ਨਾਲ ਗੂੰਜ ਉੱਠੇ। ਇਸ ਖਾਸ ਮੌਕੇ ਤੇ ਮੰਦਰਾਂ ਨੂੰ ਬਹੁਤ ਹੀ ਸੁੰਦਰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਕਾਨ੍ਹਾ ਜੀ ਦੇ ਜਨਮ ਤੋਂ ਤੁਰੰਤ ਬਾਅਦ ਸ਼੍ਰੀ ਕ੍ਰਿਸ਼ਨ ਦੀ ਮਹਾ ਆਰਤੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਭਾਗ ਲਿਆ। ਆਰਤੀ ਤੋਂ ਬਾਅਦ ਭਗਤਾਂ ਵਿੱਚ ਪੰਜਾਮ੍ਰਿਤ ਅਤੇ ਮੱਖਣ-ਮਿਸ਼ਰੀ ਦਾ ਪ੍ਰਸ਼ਾਦ ਵੰਡਿਆ ਗਿਆ। ਪੂਰੇ ਮੰਦਰ ਪਰਿਸਰ ਵਿੱਚ ਭਗਤੀ ਦਾ ਅਦਭੁਤ ਮਾਹੌਲ ਦੇਖਣ ਨੂੰ ਮਿਲਿਆ।