ਨਸ਼ੇ ਦੀ ਓਵਰਡੋਜ਼ ਕਾਰਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਘੇਰੀ 'ਪੰਜਾਬ ਸਰਕਾਰ'; ਕਿਹਾ- ਕਦੋਂ ਤੱਕ ਨਸ਼ਿਆਂ ਦੀ ਭੇਟ ਚੜ੍ਹੇਗੀ ਪੰਜਾਬ ਦੀ ਜਵਾਨੀ ?
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਗੁਰਦੇ ਅਤੇ ਜਿਗਰ ਨਾਲ ਸੰਬੰਧਿਤ ਗੰਭੀਰ ਸਿਹਤ ਸਮੱਸਿਆਵਾਂ ਨਾਲ ਲੰਬੇ ਸਮੇਂ ਤੱਕ ਜੂਝਣ ਮਗਰੋਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਫਰੀਦਕੋਟ ਸ਼ਹਿਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਕਬੱਡੀ ਜਗਤ ਅਤੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਛਾ ਗਈ ਹੈ।
Publish Date: Wed, 12 Aug 2026 01:32 PM (IST)
Updated Date: Wed, 12 Aug 2026 01:34 PM (IST)
ਆਨਲਾਈਨ ਡੈਸਕ, ਜਲੰਧਰ/ਫਰੀਦਕੋਟ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਗੁਰਦੇ ਅਤੇ ਜਿਗਰ ਨਾਲ ਸੰਬੰਧਿਤ ਗੰਭੀਰ ਸਿਹਤ ਸਮੱਸਿਆਵਾਂ ਨਾਲ ਲੰਬੇ ਸਮੇਂ ਤੱਕ ਜੂਝਣ ਮਗਰੋਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਫਰੀਦਕੋਟ ਸ਼ਹਿਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਕਬੱਡੀ ਜਗਤ ਅਤੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਛਾ ਗਈ ਹੈ।
ਦੱਸ ਦਈਏ ਕਿ ਗੁਰਜੀਤ ਤੁਤ ਕਬੱਡੀ ਦੇ ਮੈਦਾਨ 'ਤੇ ਆਪਣੀ ਤਾਕਤ, ਚੁਸਤੀ ਅਤੇ ਸ਼ਾਨਦਾਰ ਬਚਾਅ-ਪੱਖੀ ਖੇਡ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਪੰਜਾਬ ਅਤੇ ਦੁਨੀਆ ਭਰ ਦੇ ਕਬੱਡੀ ਪ੍ਰਸ਼ੰਸਕਾਂ 'ਚ ਸਤਿਕਾਰ ਦਿਵਾਇਆ, ਜਿਸ ਨਾਲ ਉਹ ਅੰਤਰਰਾਸ਼ਟਰੀ ਸਰਕਲ ਕਬੱਡੀ ਦੇ ਖੇਤਰ 'ਚ ਇਕ ਮਸ਼ਹੂਰ ਨਾਮ ਬਣ ਗਏ। ਪੰਜਾਬੀ ਸੱਭਿਆਚਾਰ ਨਾਲ ਉਨ੍ਹਾਂ ਦਾ ਸੰਬੰਧ ਸੰਗੀਤ ਤੱਕ ਵੀ ਪਹੁੰਚਿਆ, ਕਿਉਂਕਿ ਗਾਇਕ ਅਰਜਨ ਢਿੱਲੋਂ ਨੇ ਆਪਣੇ ਹਿੱਟ ਗੀਤ 'ਇਲਜ਼ਾਮ' 'ਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਕੀਤਾ ਸੀ। ਇਸ ਜ਼ਿਕਰ ਨੇ ਪੰਜਾਬੀ ਸੰਗੀਤ ਅਤੇ ਕਬੱਡੀ ਦੇ ਪ੍ਰਸ਼ੰਸਕਾਂ 'ਚ ਉਨ੍ਹਾਂ ਦੀ ਪਛਾਣ ਨੂੰ ਹੋਰ ਵੀ ਮਜ਼ਬੂਤ ਕਰ ਦਿੱਤੀ।
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਖਿਡਾਰੀ ਦਾ ਅੰਤਿਮ ਸੰਸਕਾਰ ਫਿਰੋਜ਼ਪੁਰ ਜ਼ਿਲ੍ਹੇ 'ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ 'ਤੂਤ' ਵਿਖੇ ਕੀਤਾ ਜਾਵੇਗਾ। ਉਨ੍ਹਾਂ ਦਾ ਜਾਣਾ ਪੰਜਾਬ ਦੇ ਖੇਡ ਜਗਤ ਲਈ ਇਕ ਬਹੁਤ ਵੱਡਾ ਘਾਟਾ ਹੈ।
ਪੰਜਾਬ 'ਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਵੱਡਾ ਮੁੱਦਾ : ਅਰਸ਼ਦੀਪ ਸਿੰਘ ਕਲੇਰ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਕਥਿਤ ਡਰੱਗ ਓਵਰਡੋਜ਼ ਕਾਰਨ ਹੋਈ ਮੌਤ ਨੇ ਪੰਜਾਬ 'ਚ ਨਸ਼ਿਆਂ ਦੀ ਗੰਭੀਰ ਸਮੱਸਿਆ 'ਤੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਤਾਂ ਪੰਜਾਬ ਸਰਕਾਰ ਹੁਣ ਇਸ ਮੁੱਦੇ ’ਤੇ ਚੁੱਪ ਰਹਿਣ ਦੀ ਬਜਾਏ ਲੋਕਾਂ ਦੇ ਸਾਹਮਣੇ ਆ ਕੇ ਜਵਾਬ ਦੇਵੇ। ਪੰਜਾਬ 'ਚ ਨਸ਼ਿਆਂ ਦੀ ਸਪਲਾਈ ਕੌਣ ਕਰ ਰਿਹਾ ਹੈ? ਨਸ਼ਾ ਰੋਕਣ ਲਈ ਸਰਕਾਰ ਵੱਲੋਂ ਕੀਤੇ ਦਾਅਵਿਆਂ ਦਾ ਜ਼ਮੀਨੀ ਨਤੀਜਾ ਕੀ ਹੈ? ਸਭ ਤੋਂ ਵੱਡਾ ਸਵਾਲ—ਨੌਜਵਾਨਾਂ ਦੀਆਂ ਕੀਮਤੀ ਜ਼ਿੰਦਗੀਆਂ ਕਦੋਂ ਤੱਕ ਨਸ਼ਿਆਂ ਦੀ ਭੇਟ ਚੜ੍ਹਦੀਆਂ ਰਹਿਣਗੀਆਂ? ਇਹ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਪੂਰੇ ਪੰਜਾਬ ਦੀ ਚਿੰਤਾ ਹੈ।