ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ
ਭਾਰਤ-ਅਮਰੀਕਾ ਸਮਝੌਤਾ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ : ਕਾਂਗਰਸੀ ਆਗੂ
Publish Date: Sat, 21 Feb 2026 03:48 PM (IST)
Updated Date: Sun, 22 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤ ਸਰਕਾਰ ਵੱਲੋਂ ਭਾਰਤ-ਅਮਰੀਕਾ ਨਾਲ ਕੀਤਾ ਗਿਆ ਅੰਤਰਿਮ ਵਪਾਰ ਸਮਝੌਤਾ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ ਅਤੇ ਇਸ ਸਮਝੌਤੇ ਨਾਲ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ‘ਸ਼ੰਮ੍ਹੀ ਰੰਧਾਵਾ’ (ਸਾਬਕਾ ਸਰਪੰਚ ਭਗਤੂਆਣਾ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸਕੱਤਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਪੰਚਾਇਤ ਯੂਨੀਅਨ ਵਿਧਾਨ ਸਭਾ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਹਰਜਿੰਦਰ ਸਿੰਘ ‘ਲਾਲੀ ਬਰਾੜ’ (ਸਾਬਕਾ ਸਰਪੰਚ ਚੰਦਭਾਨ), ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਸੂਰਘੁਰੀ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਇਸ ਵਪਾਰਕ ਸਮਝੌਤੇ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮੀਟਿੰਗਾਂ ਕਰ ਰਹੇ ਹਨ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਖੇਤੀਬਾੜੀ ਦੇ ਕਾਲੇ ਕਾਨੂੰਨ ਲਿਆਂਦੇ ਗਏ ਸਨ, ਉਸ ਸਮੇਂ ਵੀ ਦੇਸ਼ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਵਿਰੁੱਧ ਦਿੱਲੀ ਦੇ ਬਾਰਡਰਾਂ ’ਤੇ ਰੋਸ ਧਰਨੇ ਦੇ ਕੇ ਵੱਡਾ ਸੰਘਰਸ਼ ਕੀਤਾ ਗਿਆ ਸੀ ਅਤੇ ਉਦੋਂ ਵੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਗੋਡੇ ਟੇਕਣੇ ਪਏ ਸਨ ਅਤੇ ਇਹ ਖੇਤੀਬਾੜੀ ਦੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪਹਿਲਾਂ ਦੀ ਤਰਜ਼ ’ਤੇ ਹੁਣ ਦੇਸ਼ ਵਿਚਲੀ ਭਾਜਪਾ ਸਰਕਾਰ ਵੱਲੋਂ ਅਮਰੀਕਾ ਦੇ ਰਾਸਟਰਪਤੀ ਅੱਗੇ ਗੋਡੇ ਟੇਕਦੇ ਹੋਏ ਭਾਰਤ-ਅਮਰੀਕਾ ਵਾਪਰਕ ਸਮਝੌਤਾ ਕਰਕੇ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਲਈ ਜੋ ਕਦਮ ਚੁੱਕਿਆ ਗਿਆ ਹੈ, ਉਸਨੂੰ ਦੇਸ਼ ਦਾ ਕਿਸਾਨ ਕਦੇ ਵੀ ਮੁਆਫ਼ ਨਹੀਂ ਕਰੇਗਾ। ਆਗੂਆਂ ਨੇ ਭਾਰਤ-ਅਮਰੀਕਾ ਸਮਝੌਤੇ ਨੂੰ ਲੈ ਕੇ ਪੰਜਾਬ ਦੀ ਮੌਜ਼ੂਦਾ ‘ਆਪ’ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਵਾਪਰਕ ਸਮਝੌਤੇ ਬਾਰੇ ਆਪਣੇ ਪੱਖ ਸਪੱਸ਼ਟ ਕਰੇ।