ਤਿਉਹਾਰਾਂ ਤੋਂ ਪਹਿਲਾਂ ਫਰੀਦਕੋਟ ਪੁਲਿਸ ਅਲਰਟ ’ਤੇ, ਰੇਲਵੇ ਸਟੇਸ਼ਨਾਂ 'ਤੇ ਕੀਤੀ ਗਈ ਵਿਸ਼ੇਸ਼ ਚੈਕਿੰਗ; 85 ਸ਼ੱਕੀ ਵਿਅਕਤੀਆਂ ਤੇ 49 ਵਾਹਨਾਂ ਦੀ ਜਾਂਚ
ਸਰਚ ਆਪ੍ਰੇਸ਼ਨ ਦੀ ਸਮੁੱਚੀ ਨਿਗਰਾਨੀ ਐੱਸਪੀ ਇਨਵੈਸਟੀਗੇਸ਼ਨ ਨਰਿੰਦਰ ਸਿੰਘ ਵੱਲੋਂ ਕੀਤੀ ਗਈ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਂਟੀ-ਸੈਬੋਟਾਜ਼ ਚੈਕਿੰਗ ਅਤੇ ਡਾਗ ਸਕੁਐਡ ਦੀ ਮਦਦ ਨਾਲ ਤਿੰਨਾਂ ਰੇਲਵੇ ਸਟੇਸ਼ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ।
Publish Date: Mon, 28 Sep 2026 05:00 PM (IST)
Updated Date: Mon, 28 Sep 2026 05:05 PM (IST)
ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ। ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਫਰੀਦਕੋਟ ਪੁਲਿਸ ਵੱਲੋਂ ਸੋਮਵਾਰ ਨੂੰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਰੇਲਵੇ ਸਟੇਸ਼ਨਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ੇਸ਼ ਕਾਰਡਨ ਐਂਡ ਸਰਚ ਆਪ੍ਰੇਸ਼ਨ (ਕਾਸੋ) ਚਲਾਇਆ ਗਿਆ। ਇਹ ਕਾਰਵਾਈ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਨਿਰਦੇਸ਼ਾਂ 'ਤੇ ਕੀਤੀ ਗਈ।
ਸਰਚ ਆਪ੍ਰੇਸ਼ਨ ਦੀ ਸਮੁੱਚੀ ਨਿਗਰਾਨੀ ਐੱਸਪੀ ਇਨਵੈਸਟੀਗੇਸ਼ਨ ਨਰਿੰਦਰ ਸਿੰਘ ਵੱਲੋਂ ਕੀਤੀ ਗਈ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਂਟੀ-ਸੈਬੋਟਾਜ਼ ਚੈਕਿੰਗ ਅਤੇ ਡਾਗ ਸਕੁਐਡ ਦੀ ਮਦਦ ਨਾਲ ਤਿੰਨਾਂ ਰੇਲਵੇ ਸਟੇਸ਼ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ।
ਜੀਆਰਪੀ ਪੁਲਿਸ ਦੇ ਸਹਿਯੋਗ ਨਾਲ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਰੇਲਵੇ ਸਟੇਸ਼ਨਾਂ 'ਤੇ ਘੁੰਮ ਰਹੇ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ। ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਵਾਹਨ ਐਪ ਰਾਹੀਂ ਤਸਦੀਕ ਕੀਤੀ ਗਈ।
ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਡਰੋਨ ਕੈਮਰਿਆਂ ਰਾਹੀਂ ਵੀ ਸ਼ੱਕੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਗਈ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਕਰੀਬ 100 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਿਸ ਵੱਲੋਂ ਕੁੱਲ 85 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ 49 ਵਾਹਨਾਂ ਦੀ ਜਾਂਚ ਕੀਤੀ ਗਈ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੁਰੱਖਿਆ ਜਾਂਚ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।