- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ 21 ਨਵੰਬਰ ਦੀ ਰਾਤ ਦਾ ਹੈ। ਮ੍ਰਿਤਕ ਦੀ ਧੀ ਸੁਖਪ੍ਰੀਤ ਕੌਰ ਪਤਨੀ ਬਲਰਾਜ ਸਿੰਘ ਵਾਸੀ ਪਿੰਡ ਬਰਕੰਦੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਫੋਨ ਕਰਕੇ ਪਿਤਾ ਦੀ ਮੌਤ ਦੀ ਸੂਚਨਾ ਦਿੱਤੀ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਹਰਜਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ। ਜਾਇਦਾਦ ਆਪਣੇ ਨਾਂ ਕਰਵਾਉਣ ਅਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਪਰਿਵਾਰਕ ਵਿਵਾਦ ਆਖ਼ਰਕਾਰ ਇੱਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਿਆ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦਾ ਉਸ ਦੇ ਪੁੱਤਰ, ਨੂੰਹ ਸਮੇਤ ਪੰਜ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਮਿਲ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਬਜ਼ੁਰਗ ਨੂੰ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਲਾਈਆਂ ਅਤੇ ਬੇਹੋਸ਼ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਪਰਨੇ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਮਾਮਲਾ 21 ਨਵੰਬਰ ਦੀ ਰਾਤ ਦਾ ਹੈ। ਮ੍ਰਿਤਕ ਦੀ ਧੀ ਸੁਖਪ੍ਰੀਤ ਕੌਰ ਪਤਨੀ ਬਲਰਾਜ ਸਿੰਘ ਵਾਸੀ ਪਿੰਡ ਬਰਕੰਦੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਫੋਨ ਕਰਕੇ ਪਿਤਾ ਦੀ ਮੌਤ ਦੀ ਸੂਚਨਾ ਦਿੱਤੀ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਹਰਜਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਸੂਚਨਾ ਮਿਲਣ ’ਤੇ ਜਦੋਂ ਸੁਖਪ੍ਰੀਤ ਕੌਰ ਪਿੰਡ ਮੱਤਾ ਸਥਿਤ ਆਪਣੇ ਪੇਕੇ ਘਰ ਪਹੁੰਚੀ ਤਾਂ ਪਿਤਾ ਦੀ ਲਾਸ਼ ਦੇ ਗਲੇ ’ਤੇ ਨਿਸ਼ਾਨ ਦੇਖ ਕੇ ਉਸ ਨੂੰ ਮੌਤ ਦੇ ਕਾਰਨਾਂ ਸਬੰਧੀ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।
ਸ਼ਿਕਾਇਤ ਅਨੁਸਾਰ 21 ਨਵੰਬਰ ਨੂੰ ਹਰਵਿੰਦਰ ਸਿੰਘ ਦਾ ਸਾਲਾ ਚਰਨਜੀਤ ਸਿੰਘ ਵਾਸੀ ਜੈਤਸਰ ਮੰਡੀ ਵੀ ਘਰ ਆਇਆ ਹੋਇਆ ਸੀ। ਇਸ ਦੌਰਾਨ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਹਰਜਿੰਦਰ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵਿਚਕਾਰ ਵਿਵਾਦ ਹੋ ਗਿਆ।
ਦੋਸ਼ ਹੈ ਕਿ ਇਸ ਤੋਂ ਬਾਅਦ ਪੁੱਤਰ ਹਰਵਿੰਦਰ ਸਿੰਘ ਉਰਫ਼ ਨਿੱਕਾ ਨੇ ਆਪਣੇ ਦੋਸਤ ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬਕਰਾ ਅਤੇ ਇੱਕ ਹੋਰ ਅਣਪਛਾਤੇ ਨੌਜਵਾਨ ਨੂੰ ਵੀ ਘਰ ਬੁਲਾ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਸਾਰਿਆਂ ਨੇ ਕਥਿਤ ਤੌਰ ’ਤੇ ਮਿਲ ਕੇ ਹਰਜਿੰਦਰ ਸਿੰਘ ਦੇ ਕਤਲ ਦੀ ਯੋਜਨਾ ਬਣਾਈ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਸਾਜ਼ਿਸ਼ ਤਹਿਤ ਨੂੰਹ ਕੋਮਲ ਨੇ ਹਰਜਿੰਦਰ ਸਿੰਘ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਚਾਹ ਪੀਣ ਤੋਂ ਬਾਅਦ ਜਦੋਂ ਬਜ਼ੁਰਗ ਬੇਹੋਸ਼ ਹੋ ਗਿਆ ਤਾਂ ਰਾਤ ਕਰੀਬ 11:30 ਵਜੇ ਮੁਲਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਦੋਸ਼ ਹੈ ਕਿ ਹਰਵਿੰਦਰ ਸਿੰਘ, ਚਰਨਜੀਤ ਸਿੰਘ, ਧਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਨੇ ਬਜ਼ੁਰਗ ਦੇ ਹੱਥ-ਪੈਰ ਫੜ ਲਏ, ਜਦਕਿ ਕੋਮਲ ਨੇ ਪਰਨੇ ਨਾਲ ਉਸ ਦਾ ਗਲਾ ਘੁੱਟ ਦਿੱਤਾ। ਇਸ ਕਥਿਤ ਵਾਰਦਾਤ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਸੁਖਪ੍ਰੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਅਕਸਰ ਪਿਤਾ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਪਿਤਾ ਦਾ ਮਕਾਨ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪਰ ਹਰਜਿੰਦਰ ਸਿੰਘ ਇਸ ਲਈ ਤਿਆਰ ਨਹੀਂ ਸਨ। ਇਸ ਗੱਲ ਨੂੰ ਲੈ ਕੇ ਪਿਤਾ-ਪੁੱਤਰ ਵਿਚਕਾਰ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਾਇਦਾਦ ਦੇ ਵਿਵਾਦ ਅਤੇ ਪੈਸਿਆਂ ਦੀ ਮੰਗ ਨੂੰ ਕਤਲ ਪਿੱਛੇ ਮੁੱਖ ਰੰਜਿਸ਼ ਦੱਸਿਆ ਗਿਆ ਹੈ।
ਪੁਲਿਸ ਨੇ ਸੁਖਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹਰਵਿੰਦਰ ਸਿੰਘ ਉਰਫ਼ ਨਿੱਕਾ, ਉਸ ਦੀ ਪਤਨੀ ਕੋਮਲ, ਚਰਨਜੀਤ ਸਿੰਘ, ਧਰਮਿੰਦਰ ਸਿੰਘ ਉਰਫ਼ ਭਿੰਡਰ ਉਰਫ਼ ਬਕਰਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।