- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਡਾ. ਅੰਬੇਡਕਰ ਚੌਂਕ ਬਣਨ ਦੀ ਉਮੀਦ ਜਾਗੀ : ਢੋਸੀਵਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਭਾਰਤ ਦੇ ਮਹਾਨ ਵਿਦਵਾਨ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਮ ’ਤੇ ਸਥਾਨਕ ਸ਼ਹਿਰ ਅੰਦਰ ਕੋਈ ਚੌਂਕ ਨਹੀਂ ਬਣਿਆ ਹੋਇਆ ਹੈ। ਡਾ. ਅੰਬੇਡਕਰ ਮਿਸ਼ਨ ਨੂੰ ਸਹੀ ਢੰਗ ਨਾਲ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਬਣੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਰਟ) ਦੇ ਉੱਚ ਪੱਧਰੀ ਵਫ਼ਦ ਨੇ ਇਹ ਮਾਮਲਾ ਸਥਾਨਕ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਆਹੂਜਾ ਦੇ ਧਿਆਨ ਵਿੱਚ ਉਚੇਚੇ ਤੌਰ ’ਤੇ ਲਿਆਂਦਾ। ਟਰੱਸਟ ਦੇ ਜਿਲ੍ਹਾ ਪ੍ਰਧਾਨ ਸੇਵਾ ਮੁਕਤ ਸੁਪਰਡੈਂਟ ਡੀ.ਪੀ.ਐੱਸ. ਭੋਲਾ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਉਚੇਚੇ ਤੌਰ ’ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਟਰੱਸਟ ਦੀ ਜਿਲ੍ਹਾ ਚੀਫ਼ ਪੈਟਰਨ ਹੀਰਾਵਤੀ (ਸੇਵਾ ਮੁਕਤ ਤਹਿਸੀਲਦਾਰ), ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਰੌਲੀਆ, ਜਨਰਲ ਸਕੱਤਰ ਪ੍ਰੋ. ਮਲਕੀਅਤ ਸਿੰਘ ਮੰਮਨ, ਚੀਫ਼ ਅਡਵਾਇਜ਼ਰ ਕ੍ਰਿਸ਼ਨ ਆਰ.ਏ., ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ, ਲੀਗਲ ਅਡਵਾਇਜ਼ਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਟਰੱਸਟ ਵੱਲੋਂ ਨਗਰ ਕੌਂਸਲ ਪ੍ਰਧਾਨ ਬੱਬੂ ਆਹੂਜਾ ਨੂੰ ਸ਼ਹਿਰ ਅੰਦਰ ਡਾ. ਅੰਬੇਡਕਰ ਚੌਂਕ ਬਣਾਏ ਜਾਣ ਦੀ ਲਿਖਤੀ ਬੇਨਤੀ ਵੀ ਕੀਤੀ ਗਈ। ਟਰੱਸਟ ਵੱਲੋਂ ਇਹ ਚੌਂਕ ਬਣਾਏ ਜਾਣ ਸਬੰਧੀ ਢੁਕਵੀਂ ਜਗਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਢੋਸੀਵਾਲ ਨੇ ਪ੍ਰਧਾਨ ਆਹੂਜਾ ਨੂੰ ਦੱਸਿਆ ਕਿ ਟਰੱਸਟ ਦੀ ਲਿਖਤੀ ਬੇਨਤੀ ’ਤੇ ਅੰਤਰ ਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ. ਜੋਰਾ ਸਿੰਘ ਨੇ ਫਰੀਦਕੋਟ ਸ਼ਹਿਰ ਅੰਦਰ ਬਣਾਏ ਜਾਣ ਵਾਲੇ ਅੰਬੇਡਕਰ ਚੌਂਕ ਦਾ ਸਾਰਾ ਖਰਚਾ ਆਪਣੀ ਯੂਨੀਵਰਸਿਟੀ ਵੱਲੋਂ ਅਦਾ ਕੀਤੇ ਜਾਣ ਦੀ ਹਾਮੀ ਭਰੀ ਹੈ। ਮੁਲਾਕਾਤ ਦੌਰਾਨ ਪ੍ਰਧਾਨ ਆਹੂਜਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਮਾਮਲੇ ਦੇ ਢੁਕਵੇਂ ਹੱਲ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਐਮ.ਐੱਲ.ਏ. ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕਰਕੇ ਹਾਂ ਪੱਖੀ ਹੱਲ ਲੱਭਣਗੇ। ਢੋਸੀਵਾਲ ਨੇ ਕਿਹਾ ਕਿ ਪ੍ਰਧਾਨ ਆਹੂਜਾ ਦੇ ਹਾਂ ਪੱਖੀ ਰਵੱਈਏ ਸਦਕਾ ਸ਼ਹਿਰ ਅੰਦਰ ਅੰਬੇਡਕਰ ਚੌਂਕ ਬਣਨ ਦੀ ਉਮੀਦ ਜਾਗ ਪਈ ਹੈ। ਇਸੇ ਤਰ੍ਹਾਂ ਮੁਲਾਕਾਤ ਦੌਰਾਨ ਵਫ਼ਦ ਵੱਲੋਂ ਸ਼ਹਿਰ ਦੀ ਨਰਾਇਣਗੜ੍ਹ ਵਿਖੇ ਅਧੂਰੀਆਂ ਸੜਕਾਂ ਉਪਰ ਇੰਟਰਲਾੱਕ ਟਾਇਲਾਂ ਲਗਵਾਏ ਜਾਣ ਦੀ ਮੰਗ ਕੀਤੀ ਗਈ। ਪ੍ਰਧਾਨ ਆਹੂਜਾ ਨੇ ਟਰੱਸਟ ਦੀ ਮੰਗ ਨੂੰ ਮੌਕੇ ’ਤੇ ਹੀ ਮਨਜੂਰ ਕਰਦੇ ਹੋਏ ਇਸ ਲਈ ਸਬੰਧਤ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ। ਅੱਜ ਇਥੇ ਪ੍ਰੈਸ ਨਾਲ ਉਕਤ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾਪਕ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਦੇ ਵਫ਼ਦ ਵੱਲੋਂ ਪ੍ਰਧਾਨ ਆਹੂਜਾ ਨੂੰ ਆਪਣਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸ਼ੁਭ ਇੱਛਾਵਾਂ ਭੇਂਟ ਕੀਤੀਆਂ।