- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਜ-ਦੌੜ ਭਰੀ ਜ਼ਿੰਦਗੀ ਤੇ ਗਲਤ ਖਾਣ-ਪੀਣ ਨੇ ਵਧਾਇਆ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ: ਆਸ਼ਰਮ ’ਚ ਲੋਕਾਂ ਨੂੰ ਕੀਤਾ ਜਾਗਰੂਕ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮੋਗਾ ਰੋਡ ਸਥਿਤ ਕੋਟਕਪੂਰਾ ਆਸ਼ਰਮ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੰਗਲਤਾ ਭਾਰਤੀ ਜੀ ਨੇ ਕਿਹਾ ਕਿ ਹਰ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ। ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਆਤਮ ਦੇ ਨਾਲ-ਨਾਲ ਸਿਹਤ ਸਬੰਧੀ ਜਾਗਰੂਕਤਾ ਲਈ ਵੀ ਸਮੇਂ-ਸਮੇਂ ’ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਤਹਿਤ ਸੰਸਥਾਨ ਦੇ ‘ਆਰੋਗਯ ਪ੍ਰੋਜੈਕਟ’ ਅਧੀਨ ਇਹ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਸਾਧਵੀ ਸੰਗਲਤਾ ਭਾਰਤੀ ਜੀ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜੀਵਨਸ਼ੈਲੀ, ਅਨਿਯਮਿਤ ਖਾਣ-ਪੀਣ, ਵਧਦਾ ਤਣਾਅ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਨਸ਼ਿਆਂ ਦੀਆਂ ਆਦਤਾਂ ਦਿਲ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਤੇ ਪੌਸ਼ਟਿਕ ਆਹਾਰ, ਨਿਯਮਿਤ ਕਸਰਤ ਜਾਂ ਯੋਗ, ਪੂਰੀ ਨੀਂਦ ਅਤੇ ਤਣਾਅ ’ਤੇ ਕਾਬੂ ਪਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਸਿਹਤ ਦੀ ਨਿਯਮਿਤ ਜਾਂਚ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗਣ ਨਾਲ ਸਿਹਤ ਸਬੰਧੀ ਜੋਖ਼ਮਾਂ ਨੂੰ ਘਟਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ। ਸਾਧਵੀ ਜੀ ਨੇ ਕਿਹਾ ਕਿ ਦਿਲ ਸਰੀਰ ਦਾ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸੰਭਾਲ ਬਿਮਾਰੀ ਹੋਣ ਤੋਂ ਬਾਅਦ ਨਹੀਂ, ਸਗੋਂ ਤੰਦਰੁਸਤ ਰਹਿੰਦੇ ਹੋਏ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਿਹਤਮੰਦ ਆਦਤਾਂ ਨੂੰ ਅਪਣਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨ। ਪ੍ਰਗਰਾਮ ਦੇ ਅੰਤ ਵਿੱਚ ਸਮੂਹ ਸੰਗਤ ਨੇ ਸੰਕਲਪ ਲਿਆ ਕਿ ਉਹ ਆਪਣੇ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣਗੇ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਗੇ।