- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ’ਚ ਕਥਿਤ 'ਆਨਰ ਕਿਲਿੰਗ' ਦਾ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ 'ਤੇ 20 ਸਾਲਾ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ 'ਚ ਸੁੱਟਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹਰਪ੍ਰੀਤ ਸਿੰਘ, ਪੰਜਾਬੀ ਸੰਵਾਦਦਾਤਾ, ਫ਼ਰੀਦਕੋਟ। ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ’ਚ ਕਥਿਤ 'ਆਨਰ ਕਿਲਿੰਗ' ਦਾ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ 'ਤੇ 20 ਸਾਲਾ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ 'ਚ ਸੁੱਟਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਮਹਿਕਪ੍ਰੀਤ ਕੌਰ ਵਾਸੀ ਪਿੰਡ ਬੁਰਜ ਹਰੀਕਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਹਿਕਪ੍ਰੀਤ ਨੇ ਕਰੀਬ ਢਾਈ ਮਹੀਨੇ ਪਹਿਲਾਂ, 4 ਮਈ 2026 ਨੂੰ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਵੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਵਿੱਚ ਰਹਿ ਰਹੇ ਸਨ।
ਪੁਲਿਸ ਅਨੁਸਾਰ ਸੋਮਵਾਰ ਸ਼ਾਮ ਦੋਵੇਂ ਮੋਟਰਸਾਈਕਲ 'ਤੇ ਕੋਟਕਪੂਰਾ ਵੱਲ ਆ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਨੇੜੇ ਕੁਝ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ, ਜਦਕਿ ਮਹਿਕਪ੍ਰੀਤ ਨੂੰ ਕਾਬੂ ਕਰ ਲਿਆ ਗਿਆ। ਦੋਸ਼ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੜਕ ਕਿਨਾਰੇ ਖੇਤਾਂ 'ਚ ਸੁੱਟ ਦਿੱਤਾ।
ਮੰਗਲਵਾਰ ਸਵੇਰੇ ਖੇਤਾਂ 'ਚ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ 'ਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਮੌਕੇ 'ਤੇ ਪਹੁੰਚੀ। ਡੀਐੱਸਪੀ ਸੰਜੀਵ ਕੁਮਾਰ, ਡੀਐੱਸਪੀ (ਡੀ) ਅਵਤਾਰ ਸਿੰਘ ਰਾਜਪਾਲ, ਐੱਸਐੱਚਓ ਸੁਖਵਿੰਦਰ ਸਿੰਘ, ਸੀਆਈਏ ਸਟਾਫ਼ ਅਤੇ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ।
ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁੜੀ ਦੇ ਪਰਿਵਾਰ ਵਾਲੇ ਉਸ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ। ਇਸੇ ਰੰਜਿਸ਼ ਦੇ ਚਲਦਿਆਂ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ।