- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਾਪੇਮਾਰੀ ਦੌਰਾਨ ਜਾਂਚ ਟੀਮ ਵੱਲੋਂ ਕੇਂਦਰ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ, ਉਨ੍ਹਾਂ ਦੀ ਡੋਜ਼, ਆਨਲਾਈਨ ਅਤੇ ਆਫਲਾਈਨ ਡਿਸਪੈਂਸਿੰਗ ਰਿਕਾਰਡ ਅਤੇ ਕੇਂਦਰ ਵਿੱਚ ਉਪਲਬਧ ਸਿਹਤ ਸਹੂਲਤਾਂ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਮੌਕੇ ’ਤੇ ਦਵਾਈਆਂ ਦੇ ਰਿਕਾਰਡ ਦਾ ਮਿਲਾਨ ਵੀ ਕੀਤਾ।

ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ : ਸਥਾਨਕ ਬੱਸ ਸਟੈਂਡ ਦੇ ਨੇੜੇ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਾ ਛੱਡਣ ਲਈ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲ਼ੀਆਂ ਬਾਹਰ ਵੇਚੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਆਸ-ਪਾਸ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਕੇਂਦਰ ਕਾਰਨ ਹੋ ਰਹੀ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਮੌਜੂਦਗੀ ਵਿੱਚ ਕੇਂਦਰ ’ਤੇ ਅਚਾਨਕ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡੀਐਮਸੀ ਡਾ. ਵਿਸ਼ਵਦੀਪ ਗੋਇਲ, ਡੀਐਸਪੀ ਤਰਲੋਚਨ ਸਿੰਘ ਸਮੇਤ ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਦੱਸਿਆ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਆਸ-ਪਾਸ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਸਨ ਕਿ ਕੇਂਦਰ ਤੋਂ ਨਸ਼ਾ ਛੱਡਣ ਲਈ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਕਥਿਤ ਤੌਰ ’ਤੇ ਬਾਹਰ ਵੇਚੀਆਂ ਜਾ ਰਹੀਆਂ ਹਨ। ਇਸ ਕਾਰਨ ਕੇਂਦਰ ਦੇ ਬਾਹਰ ਕਥਿਤ ਨਸ਼ੇੜੀਆਂ ਦਾ ਇਕੱਠ ਰਹਿੰਦਾ ਹੈ, ਜਿਸ ਨਾਲ ਨੇੜਲੇ ਸ਼ੋਅਰੂਮਾਂ, ਬੈਂਕਾਂ ਅਤੇ ਦੁਕਾਨਾਂ ’ਤੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਛਾਪੇਮਾਰੀ ਦੌਰਾਨ ਜਾਂਚ ਟੀਮ ਵੱਲੋਂ ਕੇਂਦਰ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ, ਉਨ੍ਹਾਂ ਦੀ ਡੋਜ਼, ਆਨਲਾਈਨ ਅਤੇ ਆਫਲਾਈਨ ਡਿਸਪੈਂਸਿੰਗ ਰਿਕਾਰਡ ਅਤੇ ਕੇਂਦਰ ਵਿੱਚ ਉਪਲਬਧ ਸਿਹਤ ਸਹੂਲਤਾਂ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਮੌਕੇ ’ਤੇ ਦਵਾਈਆਂ ਦੇ ਰਿਕਾਰਡ ਦਾ ਮਿਲਾਨ ਵੀ ਕੀਤਾ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਖ਼ਿਲਾਫ਼ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਪਹਿਲਾਂ ਵੀ ਸਬੰਧਤ ਸੰਸਥਾ ਨੂੰ ਲੋੜੀਂਦੀਆਂ ਹਦਾਇਤਾਂ ਅਤੇ ਚੇਤਾਵਨੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਵਿੱਚ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਲੋੜ ਤੋਂ ਵੱਧ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਦਵਾਈਆਂ ਕਥਿਤ ਤੌਰ ’ਤੇ ਬਾਹਰ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੀ ਸੱਚਾਈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਜੇਕਰ ਨਿਯਮਾਂ ਦੀ ਉਲੰਘਣਾ ਜਾਂ ਕੋਈ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਾਂਚ ਦੌਰਾਨ ਕਈ ਕਮੀਆਂ ਸਾਹਮਣੇ ਆਈਆਂ: ਡੀਐਮਸੀ
ਡੀਐੱਮਸੀ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਕੇਂਦਰ ਦੀ ਜਾਂਚ ਅਜੇ ਜਾਰੀ ਹੈ। ਡਰੱਗ ਇੰਸਪੈਕਟਰ ਅਤੇ ਮਨੋਰੋਗ ਮਾਹਿਰ ਸਮੇਤ ਟੀਮ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੀ ਡੋਜ਼ ਨਿਰਧਾਰਤ ਨਿਯਮਾਂ ਅਨੁਸਾਰ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਆਨਲਾਈਨ ਡਿਸਪੈਂਸ ਕੀਤੀਆਂ ਦਵਾਈਆਂ ਦੇ ਰਿਕਾਰਡ ਅਤੇ ਆਫਲਾਈਨ ਦਿੱਤੀਆਂ ਦਵਾਈਆਂ ਦੇ ਰਿਕਾਰਡ ਦਾ ਵੀ ਮਿਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੇਂਦਰ ਵਿੱਚ ਸਾਫ਼-ਸਫ਼ਾਈ ਅਤੇ ਹੋਰ ਸਹੂਲਤਾਂ ਨਾਲ ਸਬੰਧਤ ਕਈ ਕਮੀਆਂ ਸਾਹਮਣੇ ਆਈਆਂ ਹਨ। ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਬਾਥਰੂਮਾਂ ਦੀ ਸਫ਼ਾਈ ਸਬੰਧੀ ਵੀ ਖਾਮੀਆਂ ਪਾਈਆਂ ਗਈਆਂ ਹਨ।
ਜਾਂਚ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਸਾਰੀਆਂ ਕਮੀਆਂ ਨੂੰ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰ ਤੋਂ ਸਕੂਲ ਦੀ ਇਮਾਰਤ ਦੀ ਦੂਰੀ ਸਬੰਧੀ ਨਿਰਧਾਰਤ ਨਿਯਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਜੇਕਰ ਕੇਂਦਰ ਕਿਸੇ ਸਕੂਲ ਦੇ ਨਿਰਧਾਰਤ ਮਾਪਦੰਡਾਂ ਦੇ ਉਲਟ ਨੇੜੇ ਪਾਇਆ ਜਾਂਦਾ ਹੈ ਤਾਂ ਇਸ ਨੂੰ ਤਬਦੀਲ ਕਰਨ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਸਿਹਤ ਵਿਭਾਗ ਦੀ ਟੀਮ ਵੱਲੋਂ ਪੂਰੀ ਜਾਂਚ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।