- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਫ਼ਰੀਦਕੋਟ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਪੁਲਿਸ ਦੇ ਸਹਿਯੋਗ ਨਾਲ ਤਿੰਨ ਮੈਡੀਕਲ ਫਰਮਾਂ ਦੀ ਜਾਂਚ ਦੌਰਾਨ ਇਕ ਫਰਮ ਤੋਂ 3,30,687 ਰੁਪਏ ਮੁੱਲ ਦੀਆਂ 48,990 ਗੋਲੀਆਂ ਜ਼ਬਤ ਕੀਤੀਆਂ ਗਈਆਂ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਫ਼ਰੀਦਕੋਟ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਪੁਲਿਸ ਦੇ ਸਹਿਯੋਗ ਨਾਲ ਤਿੰਨ ਮੈਡੀਕਲ ਫਰਮਾਂ ਦੀ ਜਾਂਚ ਦੌਰਾਨ ਇਕ ਫਰਮ ਤੋਂ 3,30,687 ਰੁਪਏ ਮੁੱਲ ਦੀਆਂ 48,990 ਗੋਲੀਆਂ ਜ਼ਬਤ ਕੀਤੀਆਂ ਗਈਆਂ।
ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਡੋਗਰ ਬਸਤੀ ਸਥਿਤ ਸਿੰਗਲਾ ਮੈਡੀਕਲ ਸਟੋਰ ਅਤੇ ਰਾਜਾ ਮੈਡੀਕਲ ਏਜੰਸੀ ਸਮੇਤ ਐਲਆਈਸੀ ਵਾਲੀ ਗਲੀ ਵਿੱਚ ਸਥਿਤ ਟਰੂ ਐਕਟ ਫਾਰਮਾ ਦੀ ਜਾਂਚ ਕੀਤੀ। ਸਿੰਗਲਾ ਮੈਡੀਕਲ ਸਟੋਰ ਵਿੱਚ ਕੋਈ ਆਮ ਬੇਨਿਯਮੀ ਨਹੀਂ ਮਿਲੀ, ਜਦਕਿ ਰਾਜਾ ਮੈਡੀਕਲ ਏਜੰਸੀ ਵਿੱਚ ਕੁਝ ਆਮ ਖਾਮੀਆਂ ਪਾਈਆਂ ਗਈਆਂ।
ਟਰੂ ਐਕਟ ਫਾਰਮਾ ਦੀ ਜਾਂਚ ਦੌਰਾਨ ਦਵਾਈਆਂ ਦੀ ਵਿਕਰੀ ਸਬੰਧੀ ਲੋੜੀਂਦਾ ਹੱਥੀਂ ਦਰਜ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ 28 ਫਰਵਰੀ 2025 ਦੀ ਨੋਟੀਫਿਕੇਸ਼ਨ ਤਹਿਤ ਲਾਜ਼ਮੀ ਮਹੀਨਾਵਾਰ ਰਿਪੋਰਟ ਵੀ ਜਮ੍ਹਾਂ ਨਹੀਂ ਕਰਵਾਈ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਫਾਰਮ-16 ਤਹਿਤ ਦੋ ਕਿਸਮਾਂ ਦੀਆਂ ਦਵਾਈਆਂ ਜ਼ਬਤ ਕਰ ਲਈਆਂ।
ਜ਼ਬਤ ਕੀਤੀਆਂ ਦਵਾਈਆਂ ਵਿੱਚ ਐਕਟੀਨੋਰਮ (ਕਲੋਰਡਾਇਜ਼ੈਪੋਕਸਾਈਡ ਅਤੇ ਡਾਈਸਾਈਕਲੋਮਾਈਨ) ਅਤੇ ਬੈਂਜ਼ਪ੍ਰੋ-ਐੱਫਐੱਮ (ਫਲੂਪੈਂਟਿਕਸੋਲ) ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਗਿਣਤੀ 48,990 ਗੋਲੀਆਂ ਹੈ, ਜਿਨ੍ਹਾਂ ਦੀ ਕੀਮਤ 3.30 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ।
ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਦਵਾਈਆਂ ਦੀ ਵਿਕਰੀ ਅਤੇ ਸਟਾਕ ਦਾ ਰਿਕਾਰਡ ਰੱਖਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫਰਮਾਂ ਵਿਰੁੱਧ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਲਗਾਤਾਰ ਜਾਰੀ ਰਹੇਗੀ।