ਫਰੀਦਕੋਟ ਜੇਲ੍ਹ ’ਚ ਬੰਦ ਕਿਸਾਨ ਆਗੂ ਕੋਟੜਾ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ ਫਰੀਦਕੋਟ ਜੇਲ੍ਹ ’ਚ ਬੰਦ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
Publish Date: Tue, 01 Sep 2026 06:45 PM (IST)
Updated Date: Wed, 02 Sep 2026 04:02 AM (IST)
01 ਐਫਡੀਕੇ : ਹਸਪਤਾਲ ਵਿਖੇ ਜੇਰੇ ਇਲਾਜ ਕਿਸਾਨ ਆਗੂ ਕਾਕਾ ਸਿੰਘ ਕੋਟੜਾ। * ਸਾਥੀਆਂ ਸਣੇ ਹਸਪਤਾਲ ਪੁੱਜੇ ਜਗਜੀਤ ਡੱਲੇਵਾਲ ਨੇ ਕਾਕਾ ਕੋਟੜਾ ਦਾ ਹਾਲ-ਚਾਲ ਪੁੱਛਿਆ * ਜੇਲ੍ਹ ’ਚ ਬੰਦ ਸਾਰੇ ਬਿਮਾਰ ਕਿਸਾਨਾਂ ਨੂੰ ਤੁਰੰਤ ਹਸਪਤਾਲ ਲਿਆ ਕੇ ਇਲਾਜ ਕਰਵਾਉਣ ਦੀ ਮੰਗ ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ ਫਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜੇਲ੍ਹ ਭਰੋ ਅੰਦੋਲਨ ਦੌਰਾਨ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚ ਬੰਦ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦੀ ਸੋਮਵਾਰ ਰਾਤ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸੂਚਨਾ ਮਿਲਦੇ ਹੀ ਬੀਕੇਯੂ ਸਿੱਧੂਪੁਰ ਦੇ ਮੁਖੀ ਤੇ ਐੱਸਕੇਐੱਮ ਗ਼ੈਰ-ਸਿਆਸੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਸਾਥੀਆਂ ਸਣੇ ਹਸਪਤਾਲ ਪੁੱਜੇ ਤੇ ਕਾਕਾ ਸਿੰਘ ਕੋਟੜਾ ਦਾ ਹਾਲ-ਚਾਲ ਜਾਣਿਆ। ਜਗਜੀਤ ਸਿੰਘ ਡੱਲੇਵਾਲ ਨੇ ਦੋਸ਼ ਲਾਇਆ ਕਿ ਕਾਕਾ ਸਿੰਘ ਕੋਟੜਾ ਦੀ ਸਿਹਤ ਪਿਛਲੇ ਤਿੰਨ ਦਿਨ ਤੋਂ ਖ਼ਰਾਬ ਸੀ, ਪਰ ਉਨ੍ਹਾਂ ਨੂੰ ਹੁਣ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਕਰੀਬ ਪੰਜ ਹੋਰ ਕਿਸਾਨ ਸਾਥੀਆਂ ਦੀ ਸਿਹਤ ਵੀ ਖ਼ਰਾਬ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਲ੍ਹ ’ਚ ਬੰਦ ਸਾਰੇ ਬਿਮਾਰ ਕਿਸਾਨਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਜਾਵੇ ਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਵਾਇਆ ਜਾਵੇ। ਡੱਲੇਵਾਲ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜੇਲ੍ਹ ’ਚ ਬੰਦ ਕਿਸੇ ਵੀ ਕਿਸਾਨ ਦੀ ਸਿਹਤ ਸਬੰਧੀ ਕੋਈ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ, ਐੱਸਐੱਸਪੀ ਫਰੀਦਕੋਟ ਤੇ ਜੇਲ੍ਹ ਪ੍ਰਸ਼ਾਸਨ ਦੀ ਹੋਵੇਗੀ। ਇਸ ਦੌਰਾਨ ਕਾਕਾ ਸਿੰਘ ਕੋਟੜਾ ਨੂੰ ਹੱਥਕੜੀ ਲਗਾਏ ਜਾਣ ’ਤੇ ਵੀ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਰੋਸ ਜ਼ਾਹਰ ਕੀਤਾ।