25000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਕਾਬੂ ਵਿਜੀਲੈਂਸ ਵੱਲੋਂ ਪੈਨਸ਼ਨ ਬੰਦ ਕਰਨ ਬਦਲੇ 25000/- ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
Publish Date: Fri, 24 Jul 2026 08:16 PM (IST)
Updated Date: Sat, 25 Jul 2026 04:10 AM (IST)
24 ਐਫਡੀਕੇ : ਰਿਸ਼ਵਤ ਲੈਣ ਸਮੇਂ ਗਿ੍ਫਤਾਰ ਕੀਤੇ ਗਏ ਵਿਅਕਤੀ ਦੀ ਤਸਵੀਰ। * ਪੈਨਸ਼ਨ ਬੰਦ ਕਰਵਾਉਣ ਬਦਲੇ ਮੰਗੀ ਸੀ ਰਕਮ * ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਵਿਜੀਲੈਂਸ ਬਿਊਰੋ ਪੰਜਾਬ ਦੇ ਸਟਾਫ ਵੱਲੋਂ ਮੁਲਜ਼ਮ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫ਼ਰੀਦਕੋਟ ਖ਼ਿਲਾਫ਼ ਮੁਦਈ ਯੋਗੇਸ਼ ਬਾਂਸਲ ਪਵਨ ਕੁਮਾਰ ਵਾਸੀ ਨੇੜੇ ਰੋਡ ਰੋਜ਼ ਟੇਲਰ, ਬਿਸ਼ਨਈ ਬਾਜ਼ਾਰ, ਜੈਤੋ ਸ਼ਹਿਰ, ਜ਼ਿਲ੍ਹਾ ਫ਼ਰੀਦਕੋਟ ਵੱਲੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾ ਦੇ ਮੁਦਈ ਯੋਗੇਸ਼ ਬਾਂਸਲ ਦੀ ਮਾਤਾ ਕਿਰਨ ਗੁਪਤਾ ਨਗਰ ਕੌਂਸਲ ਜੈਤੋ ਤੋਂ ਕਰੀਬ 14 ਸਾਲ ਪਹਿਲਾਂ ਰਿਟਾਇਰ ਹੋ ਗਏ ਸਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਰਹੀ ਸੀ ਤਾਂ ਮੁਦਈ ਦੀ ਮਾਤਾ ਦੀ ਮੌਤ ਮਾਰਚ-2026 ’ਚ ਹੋ ਗਈ ਸੀ। ਮੁਦਈ ਦੀ ਮਾਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਫੈਮਿਲੀ ਪੈਨਸ਼ਨ ਮੁਦਈ ਦੇ ਪਿਤਾ ਪਵਨ ਕੁਮਾਰ ਨੂੰ ਮਿਲਣ ਲੱਗ ਗਈ ਸੀ, ਮੁਦਈ ਦੇ ਪਿਤਾ ਜੂਨ-2025 ਤੋਂ ਬੁਢਾਪਾ ਪੈਨਸ਼ਨ 1500/- ਪ੍ਰਤੀ ਮਹੀਨਾ ਵੀ ਲੈ ਰਹੇ ਸਨ, ਇਸ ਲਈ ਮੁਦਈ ਵੱਲੋਂ 22.06.2026 ਨੂੰ ਆਪਣੇ ਪਿਤਾ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਬੰਦ ਕਰਵਾਉਣ ਲਈ ਲਿਖਤੀ ਦਰਖ਼ਾਸਤ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਫ਼ਰੀਦਕੋਟ ਵਿਖੇ ਕਾਊਂਟਰ ’ਤੇ ਜਮ੍ਹਾਂ ਕਰਵਾ ਦਿੱਤੀ ਗਈ ਸੀ। 16.07.2026 ਨੂੰ ਮੁਦਈ ਮੁੜ ਦਫਤਰ ਗਿਆ ਤਾਂ ਉੱਥੇ ਉਸ ਨੂੰ ਦਫ਼ਤਰ ’ਚ ਇਕ ਕਰਮਚਾਰੀ, ਜੋ ਕੰਪਿਊਟਰ ’ਤੇ ਕੰਮ ਕਰ ਰਿਹਾ ਸੀ, ਮਿਲਿਆ। ਜਿਸ ਨੂੰ ਮੁਦਈ ਨੇ ਉਕਤ ਮਾਮਲੇ ਸਬੰਧੀ ਗੱਲ ਦੱਸੀ ਤਾਂ ਉਸ ਨੇ ਕਿਹਾ ਕਿ ਤੁਹਾਡੇ ਪਿਤਾ ਵੱਲੋਂ ਮਾਤਾ ਦੀ ਮੌਤ ਤੋਂ ਬਾਅਦ ਹਾਸਲ ਕੀਤੀ 4 ਮਹੀਨੇ ਦੀ ਬੁਢਾਪਾ ਪੈਨਸ਼ਨ ਦੀ ਰਕਮ ਨੂੰ ਡਰਾਫਟ ਰਾਹੀਂ ਜਮ੍ਹਾਂ ਕਰਵਾ ਦਿਓ ਤਾਂ ਮੁਦਈ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ ਦਫ਼ਤਰ ਜਾਂਦੇ ਹਨ ਤਾਂ ਉੱਥੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਮਿਲਿਆ, ਜਿਸ ਨੇ ਮੁਦਈ ਦੇ ਪਿਤਾ ਦੀ ਪੈਨਸ਼ਨ ਬੰਦ ਕਰਨ ਬਦਲੇ 30,000/-ਰੁਪਏ ਰਿਸ਼ਵਤ ਮੰਗੀ। ਮੁਦਈ ਦੇ ਮਿੰਨਤ-ਤਰਲਾ ਕਰਨ ’ਤੇ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ 25,000/- ਰੁਪਏ ਲੈਣ ਲਈ ਰਾਜੀ ਹੋ ਗਿਆ, ਜਿਸ ਦੀ ਮੁਦਈ ਯੋਗੇਸ਼ ਬਾਂਸਲ ਨੇ ਰਿਕਾਰਡਿੰਗ ਕਰ ਲਈ ਸੀ। ਮੁਦਈ ਯੋਗੇਸ਼ ਬਾਂਸਲ ਵੱਲੋਂ ਪੇਸ਼ ਕੀਤੀ ਰਿਕਾਰਡਿੰਗ ਤੇ ਕਲਮਬੱਧ ਕਰਵਾਏ ਬਿਆਨ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਤਫ਼ਤੀਸ਼ੀ ਅਫਸਰ ਸੋਹਣ ਸਿੰਘ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨੇ ਉਕਤ ਮੁਕੱਦਮਾ ਦਰਜ ਕਰਵਾ ਕੇ ਮੁਲਜ਼ਮ ਕੁਲਵਿੰਦਰ ਸਿੰਘ ਸੀਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਰੀਦਕੋਟ ਨੂੰ ਮੁਦਈ ਪਾਸੋਂ 25,000/-ਰੁਪਏ ਰਿਸ਼ਵਤ ਹਾਸਲ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।