- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਪ੍ਰੇਰਣਾਦਾਇਕ ਸੈਮੀਨਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਯੋਗ ਅਗਵਾਈ ਹੇਠ ਮਿਤੀ 16 ਸਤੰਬਰ 2026 ਨੂੰ ਲਾਇਬ੍ਰੇਰੀ ਹਾਲ ਵਿਖੇ ਇੱਕ ਵਿਸ਼ੇਸ਼ ਅਤੇ ਵਿਚਾਰ-ਉਤਪਾਦਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਵਿੰਦਰ ਸਿੰਘ ਅਤੇ ਸੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਵਿਦਿਆਰਥੀਆਂ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਫਲਸਫ਼ੇ, ਸਿੱਖਿਆਵਾਂ ਅਤੇ ਉੱਚ ਜੀਵਨ-ਮੁੱਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਨੂੰ ਕੇਵਲ ਇੱਕ ਰਸਮੀ ਭਾਸ਼ਣ ਤੱਕ ਸੀਮਤ ਨਾ ਰੱਖਦਿਆਂ ਵਿਦਿਆਰਥੀਆਂ ਨਾਲ ਸਿੱਧੇ ਸੰਵਾਦ ਅਤੇ ਵਿਚਾਰ-ਵਟਾਂਦਰੇ ਰਾਹੀਂ ਰੌਚਕ ਬਣਾਇਆ ਗਿਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਸਵਾਲ ਪੁੱਛੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੁੜਨ, ਚੰਗੇ ਨੈਤਿਕ ਮੁੱਲ ਅਪਣਾਉਣ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਵਿਸ਼ੇਸ਼ ਉਤਸ਼ਾਹ ਅਤੇ ਜਿਗਿਆਸਾ ਦੇਖਣ ਨੂੰ ਮਿਲੀ। ਸੈਮੀਨਾਰ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਜੀਵਨ ਦੀਆਂ ਚੁਣੌਤੀਆਂ ਨਾਲ ਜੋੜ ਕੇ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਵੱਲੋਂ ਗੁਰਵਿੰਦਰ ਸਿੰਘ, ਸੰਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸੰਵਾਦਾਤਮਕ ਅਤੇ ਗਿਆਨਵਰਧਕ ਪ੍ਰੋਗਰਾਮ ਵਿਦਿਆਰਥੀਆਂ ਦੇ ਬੌਧਿਕ, ਨੈਤਿਕ ਅਤੇ ਸੱਭਿਆਚਾਰਕ ਵਿਕਾਸ ਲਈ ਮਹੱਤਵਪੂਰਨ ਹਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਰ ਰਿਹਾ।