- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਹਨੁਮਾਨ ਪ੍ਰਾਚੀਨ ਮੰਦਿਰ ਆਨੰਦੇਆਨਾ ਗਊਸ਼ਾਲਾ ਵਿਖੇ ਵਿਸ਼ਾਲ ਸ੍ਰੀ ਸ਼ਿਵ ਕਥਾ ਦਾ ਆਯੋਜਨ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਹਨੁਮਾਨ ਪ੍ਰਾਚੀਨ ਮੰਦਿਰ, ਆਨੰਦੇਆਨਾ ਗਊਸ਼ਾਲਾ ਵਿਖੇ ਇੱਕ ਵਿਸ਼ਾਲ ਸ੍ਰੀ ਸ਼ਿਵ ਕਥਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਅਧਿਆਤਮਿਕ ਰਸ ਮਾਣਿਆ। ਇਸ ਮੌਕੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ ਅਤੇ ਕਥਾ ਵਿਆਸ ਸਾਧਵੀ ਦੀਪਿਕਾ ਭਾਰਤੀ ਜੀ ਨੇ ਭਗਵਾਨ ਸ਼ਿਵ ਦੀ ਅਪਾਰ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਭੋਲੇਨਾਥ ਆਪਣੇ ਭਗਤਾਂ ਦੀ ਸੱਚੀ ਪੂਜਾ ਤੋਂ ਬਹੁਤ ਜਲਦੀ ਪ੍ਰਸੰਨ ਹੋ ਜਾਂਦੇ ਹਨ। ਸ਼ਿਵ ਪੁਰਾਣ ਭਗਵਾਨ ਸ਼ਿਵ ਦੇ ਵੱਖ-ਵੱਖ ਕਲਿਆਣਕਾਰੀ ਰੂਪਾਂ ਦਾ ਵਰਣਨ ਕਰਦਾ ਹੈ, ਜਿਸ ਦੀ ਕਥਾ ਸੁਣਨ ਨਾਲ ਜੀਵ ਨੂੰ ਮੁਕਤੀ ਮਿਲਦੀ ਹੈ। ਕਥਾ ਦੇ ਪਹਿਲੇ ਦਿਨ ਮਾਤਾ ਸਤੀ ਪ੍ਰਸੰਗ ਦਾ ਬਹੁਤ ਹੀ ਮਾਰਮਿਕ ਵਰਣਨ ਕਰਦਿਆਂ ਸਾਧਵੀ ਜੀ ਨੇ ਦੱਸਿਆ ਕਿ ਜਦੋਂ ਤ੍ਰੇਤਾ ਯੁੱਗ ਵਿੱਚ ਭਗਵਾਨ ਸ੍ਰੀ ਰਾਮ ਮਨੁੱਖੀ ਲੀਲਾ ਕਰ ਰਹੇ ਸਨ, ਤਾਂ ਮਾਤਾ ਸਤੀ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਭਗਵਾਨ ਸ਼ਿਵ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਉਨ੍ਹਾਂ ਨੇ ਪ੍ਰਭੂ ਰਾਮ ਦੀ ਪ੍ਰੀਖਿਆ ਲਈ, ਜਿਸ ਕਾਰਨ ਸ਼ਿਵ ਜੀ ਨੇ ਮਾਤਾ ਸਤੀ ਦਾ ਤਿਆਗ ਕਰ ਦਿੱਤਾ ਅਤੇ ਬਾਅਦ ਵਿੱਚ ਮਾਤਾ ਸਤੀ ਨੇ ਪਿਤਾ ਦਕਸ਼ ਦੀ ਯੱਗ ਵੇਦੀ ਦੀ ਅਗਨੀ ਵਿੱਚ ਆਪਣੇ ਆਪ ਨੂੰ ਭਸਮ ਕਰ ਲਿਆ। ਸਾਧਵੀ ਜੀ ਨੇ ਇਸ ਪ੍ਰਸੰਗ ਨੂੰ ਅਜੋਕੇ ਦੌਰ ਨਾਲ ਜੋੜਦਿਆਂ ਇੱਕ ਵੱਡਾ ਸੰਦੇਸ਼ ਦਿੱਤਾ ਕਿ ਮਾਤਾ ਸਤੀ ਅਸਲ ਵਿੱਚ ਪੰਜ ਤੱਤਾਂ ਤੋਂ ਬਣੀ ਕੁਦਰਤ ਦਾ ਹੀ ਰੂਪ ਹਨ, ਜੋ ਪਰਮਾਤਮਾ ਤੋਂ ਵੱਖਰੀ ਨਹੀਂ ਹੈ। ਜਦੋਂ ਵੀ ਰਾਜਾ ਦਕਸ਼ ਵਰਗਾ ਹੰਕਾਰੀ ਮਨੁੱਖ ਆਪਣੇ ਸਵਾਰਥ ਲਈ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਕੰਮ ਕਰਦਾ ਹੈ, ਤਾਂ ਉਸ ਨੂੰ ਪਰਮਾਤਮਾ ਦੇ ਕ੍ਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦਾ ਮਨੁੱਖ ਵੀ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਹੜ੍ਹ, ਭੂਚਾਲ ਅਤੇ ਸੁਨਾਮੀ ਵਰਗੀਆਂ ਭਿਆਨਕ ਆਫ਼ਤਾਂ ਆ ਰਹੀਆਂ ਹਨ, ਜੋ ਕਿ ਇੱਕ ਤਰ੍ਹਾਂ ਨਾਲ ਪਰਮਾਤਮਾ ਦੀ ਸਜ਼ਾ ਹੈ। ਜੇਕਰ ਮਨੁੱਖ ਕੁਦਰਤ ਦੇ ਇਸ ਕ੍ਰੋਧ ਤੋਂ ਬਚਣਾ ਚਾਹੁੰਦਾ ਹੈ, ਤਾਂ ਉਸ ਨੂੰ ਕੁਦਰਤ ਦੀ ਰੱਖਿਆ ਕਰਨੀ ਪਵੇਗੀ ਅਤੇ ਇਹ ਭਾਵਨਾ ਕੇਵਲ ਪ੍ਰਭੂ ਦੀ ਸੱਚੀ ਭਗਤੀ ਨਾਲ ਜੁੜ ਕੇ ਹੀ ਪੈਦਾ ਹੋ ਸਕਦੀ ਹੈ। ਕਥਾ ਦੇ ਅੰਤ ਵਿੱਚ ਸਾਧਵੀ ਸੁਖਧਾਮਾ ਭਾਰਤੀ ਅਤੇ ਮਨਜਿੰਦਰ ਭਾਰਤੀ ਜੀ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ।