ਨਰੇਗਾ ਕਰਮਚਾਰੀਆਂ ਨੇ ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕੀ ਸਰਕਾਰ ਦੇ ਲਾਰਿਆਂ ਤੋਂ ਅੱਕੇ ਨਰੇਗਾ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕੀ
Publish Date: Fri, 10 Jul 2026 05:11 PM (IST)
Updated Date: Fri, 10 Jul 2026 05:12 PM (IST)
ਏਡੀਸੀ ਦਫਤਰ ਅੱਗੇ ਧਰਨਾ ਲਾ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈਕੇ ਪਿਛਲੇ 40 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਇੱਥੇ ਜਿਲ੍ਹਾ ਪਰਿਸ਼ਦ ਵਿੱਚ ਇੱਕ ਇਕੱਠ ਕੀਤਾ ਗਿਆ। ਇਸਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਜੋਰਦਾਰ ਨਾਅਰੇਬਾਜ਼ੀ ਤੋਂ ਬਾਅਦ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜੀ ਗਈ। ਇਸ ਮੌਕੇ ਨਰੇਗਾ ਕਰਮਚਾਰੀ ਯੂਨੀਅਨ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਹਰਪਿੰਦਰ ਸਿੰਘ ਨੇ ਦੱਸਿਆ ਕਿ ਅਸੀਂ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਨੌਕਰੀ ਕਰ ਰਹੇ ਹਾਂ। ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਨਰੇਗਾ ਮੁਲਾਜ਼ਮਾਂ ਨੂੰ ਵਰਤਿਆ ਜਾਂਦਾ ਰਿਹਾ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਅੱਜ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਸਰਕਾਰ ਦਾ ਅਫ਼ਸਰਸ਼ਾਹੀ ਦੀਆਂ ਮਨਮਾਨੀਆਂ ਤੇ ਕੋਈ ਕੰਟਰੋਲ ਨਹੀਂ ਹੈ। ਪਿਛਲੇ 40 ਦਿਨਾਂ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਦੋ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਤਿੰਨ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ। ਦੋਵਾਂ ਮੰਤਰੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਣ ਤੋਂ ਬਾਅਦ ਵੀ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਦਾ ਕੱਖ ਨਹੀਂ ਕੀਤਾ। ਮੁੱਖ ਮੰਤਰੀ 70000 ਨਵੀਆਂ ਨੌਕਰੀਆਂ ਦੇਣ ਅਤੇ ਠੇਕੇਦਾਰੀ ਸਿਸਟਮ ਬਿਲਕੁਲ ਖ਼ਤਮ ਕਰਨ ਦਾ ਦਾਅਵਾ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਖੰਨਾ ਰਿਹਾਇਸ਼ ਦੇ ਘਿਰਾਓ ਦੋਰਾਨ 20 ਹਜ਼ਾਰ ਤੋਂ ਵੱਧ ਦਾ ਇਕੱਠ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਮੁੱਖ ਮੰਤਰੀ ਨੂੰ ਵੀ ਸਵਾਲ ਕੀਤੇ ਜਾਣਗੇ। ਇਸ ਮੌਕੇ ਸਮੂਹ ਮਗਨਰੇਗਾ ਕਰਮਚਾਰੀ ਤੇ ਹੋਰ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜ਼ਿਲਾ ਪ੍ਰਧਾਨ ਹਰਪਿੰਦਰ ਸਿੰਘ,ਬਲਾਕ ਪ੍ਰਧਾਨ ਫਰੀਦਕੋਟ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਬਲਰਾਜ ਸਿੰਘ,ਬਲਾਕ ਪ੍ਰਧਾਨ ਜੈਤੋ ਹਰਬੰਸ ਸਿੰਘ,ਗੁਰਪਿੰਦਰ ਕੌਰ ਵੀਰਪਾਲ ਕੌਰ ਕਰਮਜੀਤ ਕੌਰ ਪਵਨਦੀਪ ਕੌਰ ਕਿਰਨਦੀਪ ਕੌਰ ਸੰਦੀਪ ਕੌਰ ਲਲਿਤ ਅਰੋੜਾ ਰਾਜਵੀਰ ਸਿੰਘ ਪੁਸ਼ਵਿੰਦਰ ਸਿੰਘ ਗਗਨਪ੍ਰੀਤ ਸਿੰਘ ਵਿਨੇ ਕੁਮਾਰ ਮੋਹਿਤ ਨਾਰੰਗ ਕੁਲਵੀਰ ਸ਼ਰਮਾ ਜਰਨੈਲ ਸਿੰਘ ਖੁਸ਼ਪ੍ਰੀਤ ਸਿੰਘ ਹੈਪੀ ਹਾਜਰ ਸਨ।