ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਨੇ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ
ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ
Publish Date: Sun, 21 Jun 2026 04:04 PM (IST)
Updated Date: Mon, 22 Jun 2026 04:01 AM (IST)

ਯੋਗ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਦਾ ਸਸਤਾ ਤੇ ਪ੍ਰਭਾਵਸ਼ਾਲੀ ਸਾਧਨ : ਸੱਤਪਾਲ ਜਿੰਦਲ ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਗੁੱਡ ਮੋਰਨਿੰਗ ਵਾਕ ਕਲੱਬ ਜੈਤੋ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਪਾਰਕ ਵਿਖੇ ਵਿਸ਼ੇਸ਼ ਯੋਗਾ ਕੈਂਪ ਅਤੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਸਵੇਰ ਦੇ ਸੁਹਾਵਣੇ ਮਾਹੌਲ ਵਿੱਚ ਹੋਏ ਇਸ ਸਮਾਗਮ ਦੌਰਾਨ ਕਲੱਬ ਮੈਂਬਰਾਂ, ਸਮਾਜ ਸੇਵੀਆਂ, ਵਪਾਰੀਆਂ, ਪੱਤਰਕਾਰਾਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਯੋਗਾ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਲਈ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਮਾਗਮ ਦੀ ਅਗਵਾਈ ਗੁੱਡ ਮੋਰਨਿੰਗ ਵਾਕ ਕਲੱਬ ਦੇ ਪ੍ਰਧਾਨ, ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਐੱਮ.ਡੀ. ਅਤੇ ਸ਼੍ਰੀ ਅਗਰਵਾਲ ਸਮਾਜ ਸਭਾ (ਰਜਿ.) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ ਨੇ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ, ਜਿਸ ਨੂੰ ਅੱਜ ਪੂਰੀ ਦੁਨੀਆ ਨੇ ਸਵੀਕਾਰ ਕਰ ਲਿਆ ਹੈ। ਯੋਗ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨੁੱਖ ਨੂੰ ਮਾਨਸਿਕ ਸ਼ਾਂਤੀ, ਆਤਮਿਕ ਤਾਕਤ ਅਤੇ ਸਕਾਰਾਤਮਕ ਸੋਚ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਨੁੱਖ ਦੀ ਜੀਵਨਸ਼ੈਲੀ ਬਹੁਤ ਜ਼ਿਆਦਾ ਰੁਝੇਵਿਆਂ ਅਤੇ ਤਣਾਅ ਭਰੀ ਹੋ ਚੁੱਕੀ ਹੈ। ਇਸ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਦਿਲ ਦੀਆਂ ਬਿਮਾਰੀਆਂ, ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਅਜਿਹੇ ਸਮੇਂ ਵਿੱਚ ਯੋਗ ਮਨੁੱਖ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਯੋਗ ਦਾ ਨਿਯਮਿਤ ਅਭਿਆਸ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਪ੍ਰਧਾਨ ਸੱਤਪਾਲ ਜਿੰਦਲ ਨੇ ਕਿਹਾ ਕਿ ਯੋਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਕਰਨ ਲਈ ਕਿਸੇ ਮਹਿੰਗੇ ਉਪਕਰਨ ਜਾਂ ਵਿਸ਼ੇਸ਼ ਪ੍ਰਬੰਧ ਦੀ ਲੋੜ ਨਹੀਂ ਪੈਂਦੀ। ਹਰ ਵਿਅਕਤੀ ਆਪਣੇ ਘਰ, ਪਾਰਕ ਜਾਂ ਖੁੱਲ੍ਹੇ ਸਥਾਨ ’ਤੇ ਬੈਠ ਕੇ ਇਸ ਦਾ ਅਭਿਆਸ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗ ਲਈ ਜ਼ਰੂਰ ਕੱਢਣ ਅਤੇ ਇਸ ਨੂੰ ਆਪਣੀ ਜੀਵਨਸ਼ੈਲੀ ਦਾ ਅਟੁੱਟ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਆਪਣੇ ਪਰਿਵਾਰ, ਕਾਰੋਬਾਰ ਅਤੇ ਹੋਰ ਜ਼ਿੰਮੇਵਾਰੀਆਂ ਵਿੱਚ ਇੰਨਾ ਰੁੱਝ ਗਿਆ ਹੈ ਕਿ ਆਪਣੀ ਸਿਹਤ ਵੱਲ ਧਿਆਨ ਦੇਣਾ ਭੁੱਲਦਾ ਜਾ ਰਿਹਾ ਹੈ। ਇਸ ਦਾ ਨਤੀਜਾ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਯੋਗ ਮਨੁੱਖ ਨੂੰ ਆਪਣੇ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਰੱਖਣ ਦੀ ਸਿੱਖਿਆ ਦਿੰਦਾ ਹੈ ਅਤੇ ਜੀਵਨ ਵਿੱਚ ਖੁਸ਼ਹਾਲੀ, ਸੰਤੁਸ਼ਟੀ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਕਰਵਾਉਂਦਾ ਹੈ। ਇਸ ਮੌਕੇ ਪ੍ਰਸਿੱਧ ਯੋਗਾ ਮਾਹਿਰ ਸ਼ਿਵ ਸ਼ਰਮਾ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ। ਉਨ੍ਹਾਂ ਨੇ ਤਾੜਆਸਨ, ਭੁਜੰਗਆਸਨ, ਵਜਰਆਸਨ, ਅਨੁਲੋਮ-ਵਿਲੋਮ, ਕਪਾਲਭਾਤੀ ਅਤੇ ਹੋਰ ਕਈ ਆਸਨਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਜੀਵਨ ਜਿਉਣ ਦੀ ਕਲਾ ਹੈ ਜੋ ਮਨੁੱਖ ਨੂੰ ਅੰਦਰੂਨੀ ਤਾਕਤ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਦੀ ਹੈ। ਸ਼ਿਵ ਸ਼ਰਮਾ ਨੇ ਕਿਹਾ ਕਿ ਯੋਗ ਨਾਲ ਸਰੀਰ ਦੀਆਂ ਕਮਜ਼ੋਰ ਹੋ ਚੁੱਕੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਸਰੀਰ ਵਿੱਚ ਲਚਕਤਾ ਆਉਂਦੀ ਹੈ ਅਤੇ ਮਨੁੱਖ ਦਾ ਧਿਆਨ ਕੇਂਦਰਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਦਿਮਾਗ ਦੀ ਸ਼ਾਂਤੀ ਅਤੇ ਸਰੀਰ ਦੀ ਤੰਦਰੁਸਤੀ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਯੋਗ ਦੋਹਾਂ ਨੂੰ ਸੰਤੁਲਿਤ ਰੱਖਣ ਦਾ ਸਭ ਤੋਂ ਵਧੀਆ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਇਸ ਮਹਾਨ ਪਰੰਪਰਾ ਨੇ ਅੱਜ ਵਿਸ਼ਵ ਪੱਧਰ ’ਤੇ ਦੇਸ਼ ਦਾ ਮਾਣ ਵਧਾਇਆ ਹੈ। ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮਾਨਤਾ ਮਿਲਣ ਤੋਂ ਬਾਅਦ ਸੰਸਾਰ ਦੇ ਲੱਖਾਂ ਲੋਕ ਯੋਗ ਨੂੰ ਅਪਣਾ ਰਹੇ ਹਨ ਅਤੇ ਇਸ ਦੇ ਲਾਭ ਹਾਸਲ ਕਰ ਰਹੇ ਹਨ। ਇਸ ਮੌਕੇ ਬਿੱਟੂ ਜੈਨ, ਰਾਕੇਸ਼ ਚੰਨੀ, ਰਾਜੇਸ਼ ਕੁਮਾਰ ਕਾਲੀ, ਨਰੇਸ਼ ਕਾਂਸਲ, ਸੁਰਿੰਦਰ ਸੱਚਦੇਵਾ, ਸ਼ਿਵਜੀ ਬਾਂਸਲ, ਸਾਬਕਾ ਕੌਂਸਲਰ ਗੁਰਦਰਸ਼ਨ ਲਾਲ ‘ਕਾਲੂ ਅਬਰੋਲ’, ਦੀਪੂ ਗੋਇਲ, ਸੁਰਿੰਦਰ ਲਾਲਾ, ਜਗਦੇਵ ਸਿੰਘ ‘ਗੋਰਾ ਢੱਲਾ’, ਸੀਨੀਅਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਸੋਨੂੰ ਗਰਗ ਦਬੜ੍ਹੀਖਾਨਾ ਵਾਲੇ, ਸੁਰਿੰਦਰ ਜਿੰਦਲ (ਬਿਜਲੀ ਵਾਲੇ), ਸ਼ੀਲਾ ਜਿੰਦਲ, ਵਿਜੇ ਯਾਦਵ, ਪਵਨ ਕਾਕਾ, ਲਵਲੀ ਬਾਂਸਲ, ਹੁਕਮ ਚੰਦ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।