- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੱਡ ਮੋਰਨਿੰਗ ਕਲੱਬ ਨੇ ਪਾਰਕ ਦੀ ਸਾਂਭ ਸੰਭਾਲ ਲਈ ਕਾਰਜ ਸਾਧਕ ਅਫਸਰ ਨੂੰ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਕਰਕੇ ਵਿਸ਼ਵ ਪ੍ਰਸਿੱਧ ਬਣੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਨੇ ਸਥਾਨਕ ਲਾਲਾ ਲਾਜਪਤ ਰਾਏ ਮਿਉਸਪਲ ਪਾਰਕ ਦੀ ਸਾਂਭ ਸੰਭਾਲ ਲਈ ਨਗਰ ਕੋਂਸਲ ਕੋਟਕਪੂਰਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਕਲੱਬ ਦੇ ਮੁੱਖ ਸਰਪ੍ਰਸਤ ਤੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਜਨਰਲ ਸਕੱਤਰ ਪ੍ਰੋ. ਐਚ ਐਸ ਪਦਮ ਦੀ ਅਗਵਾਈ ਵਾਲੇ ਵਫਦ ਨੇ ਅੰਮ੍ਰਿਤ ਲਾਲ ਕਾਰਜ ਸਾਧਕ ਅਫਸਰ ਨਗਰ ਕੋਸਲ ਕੋਟਕਪੂਰਾ ਨੂੰ ਲਿਖਤੀ ਮੰਗ ਪੱਤਰ ਸੌਂਪਦਿਆਂ ਪਾਰਕ ਦੀ ਸਾਂਭ ਸੰਭਾਲ ਅਤੇ ਹੋਰ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ। ਵਫਦ ਨੇ ਸੈਰ ਕਰਨ ਵਾਲੇ ਵਾਤਾਵਰਣ ਪ੍ਰੇਮੀਆਂ ਅਤੇ ਸਿਹਤ ਤੰਦਰੁਸਤੀ ਲਈ ਸੁਚੇਤ ਰਹਿਣ ਵਾਲਿਆਂ ਦੀ ਸੁਰੱਖਿਆ ਲਈ ਦੱਸਿਆ ਕਿ ਪਾਰਕ ਵਿੱਚ ਬਹੁਤ ਸਾਰੇ ਦਰੱਖਤ ਬਿਲਕੁਲ ਸੁੱਕ ਚੁੱਕੇ ਹਨ, ਜੋ ਤੇਜ ਹਨੇਰੀ ਜਾਂ ਝੱਖੜ ਮੌਕੇ ਕਿਸੇ ਸੈਰ ਕਰਨ ਵਾਲੇ ਵਾਸਤੇ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਇਸ ਲਈ ਉਕਤ ਸੁੱਕੇ ਦਰੱਖਤ ਕੱਟਣ ਲਈ ਜੰਗਲਾਤ ਵਿਭਾਗ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇ। ਰਜਿੰਦਰ ਕੁਮਾਰ ਰਾਜਾ ਠੇਕੇਦਾਰ ਅਤੇ ਮਾ ਸੋਮਨਾਥ ਅਰੋੜਾ ਨੇ ਦੱਸਿਆ ਕਿ ਪਾਰਕ ਵਿੱਚ ਸਾਫ ਸਫਾਈ ਲਈ ਕਲੱਬ ਨੂੰ ਪਿਛਲੇ ਕਰੀਬ ਚਾਰ ਸਾਲਾਂ ਤੋਂ ਖੁਦ ਖਰਚਾ ਕਰਕੇ ਸਫਾਈ ਸੇਵਕ ਅਤੇ ਮਾਲੀ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਦੋ ਸਫਾਈ ਸੇਵਕ, ਇਕ ਮਾਲੀ ਅਤੇ ਇਕ ਚੌਂਕੀਦਾਰ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਪਾਰਕ ਦੇ ਕੀਮਤੀ ਸਮਾਨ ਦੀ ਹੁੰਦੀ ਚੋਰੀ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਉਹਨਾ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਕਰੀਬ 10 ਸਾਲਾਂ ਤੋਂ ਪਾਰਕ ਦੀ ਸੁੰਦਰਤਾ ਵਿੱਚ ਵਾਧਾ ਕਰਨ ਅਤੇ ਸਾਂਭ ਸੰਭਾਲ ਲਈ ਲੱਖਾਂ ਰੁਪਿਆ ਖਰਚਿਆ ਜਾ ਚੁੱਕਾ ਹੈ। ਜਿਵੇਂ ਕਿ ਪਾਰਕ ਵਿੱਚ ਸੀਸੀਟੀਵੀ ਕੈਮਰੇ, ਮਰਦ-ਔਰਤਾਂ ਲਈ ਵੱਖੋ ਵੱਖਰੇ ਓਪਨ ਜਿੰਮ, ਸ਼ਾਨਦਾਰ ਫੁੱਲ-ਬੂਟੇ, ਆਕ੍ਰਸ਼ਿਕ ਸੈਲਫੀ ਪੁਆਂਇੰਟ, ਮੀਂਹ ਦੇ ਪਾਣੀ ਨੂੰ ਸਾਫ ਕਰਕੇ ਧਰਤੀ ਵਿੱਚ ਜਜਬ ਕਰਨ ਲਈ ਰੇਨ ਹਾਰਵੈਸਟਰ, ਤਿੰਨ ਆਧੁਨਿਕ ਕਿਸਮ ਦੇ ਸ਼ਾਨਦਾਰ ਸ਼ੈੱਡ, ਦਰਜਨਾ ਸ਼ਾਨਦਾਰ ਸੀਟਾਂ (ਥੜੀਆਂ) ਆਦਿਕ ਸੈਰ ਕਰਨ ਵਾਲੇ ਲੋਕਾਂ ਲਈ ਸਹੂਲਤ ਮੁਹੱਈਆ ਕਰਵਾਉਣ ਵਿੱਚ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦਾ ਵੱਡਮੁੱਲਾ ਯੋਗਦਾਨ ਹੈ। ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਪ. ਸੁਖਜਿੰਦਰ ਸਿੰਘ ਤੱਖੀ ਨੇ ਵੀ ਕਲੱਬ ਦੇ ਵਫਦ ਦੀਆਂ ਗੱਲਾਂ, ਪ੍ਰਾਪਤੀਆਂ ਅਤੇ ਮੰਗਾਂ ਨਾਲ ਸਹਿਮਤੀ ਪ੍ਰਗਟਾਈ। ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨੇ ਵਿਸ਼ਵਾਸ਼ ਦਿਵਾਇਆ ਕਿ ਕਲੱਬ ਦੀ ਉਕਤ ਸਮੱਸਿਆ ਕੁਝ ਦਿਨਾ ਦੇ ਅੰਦਰ ਅੰਦਰ ਹੀ ਦੂਰ ਕਰ ਦਿੱਤੀ ਜਾਵੇਗੀ।