- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਣੇਸ਼ ਚਤੁਰਥੀ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮੋਗਾ-ਕੋਟਕਪੂਰਾ ਰੋਡ ’ਤੇ ਪੰਜਗਰਾਈਂ ਕਲਾਂ ਨੇੜੇ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਸ਼ਰਧਾ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਭਗਵਾਨ ਗਣੇਸ਼ ਜੀ ਦੀ ਪੂਜਾ-ਅਰਚਨਾ ਕਰਕੇ ਸਾਰਿਆਂ ਦੀ ਖੁਸ਼ਹਾਲੀ, ਸਫਲਤਾ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਭਗਤੀ ਗੀਤਾਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਪ੍ਰਤੀ ਆਪਣੀ ਸਾਂਝ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਭਗਵਾਨ ਗਣੇਸ਼ ਜੀ ਨਾਲ ਜੁੜੀਆਂ ਗਿਆਨ, ਬੁੱਧੀ, ਨਿਮਰਤਾ ਅਤੇ ਸਕਾਰਾਤਮਕ ਸੋਚ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ। ਸਮਾਗਮ ਨੇ ਵਿਦਿਆਰਥੀਆਂ ਵਿੱਚ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਪ੍ਰਤੀ ਸਤਿਕਾਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ, ਰਕਸ਼ੰਦਾ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਅਕਾਦਮਿਕ ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਵਰਮਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਪਸੀ ਸਦਭਾਵਨਾ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦੇ ਹਨ।