ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਗੁਰੂ ਪੂਰਨਿਮਾ ਮੌਕੇ ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ, ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲਿਆ ਲਾਭ
Publish Date: Fri, 31 Jul 2026 04:53 PM (IST)
Updated Date: Fri, 31 Jul 2026 04:55 PM (IST)
ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਗੁਰੂ ਪੂਰਨਿਮਾ ਦੇ ਪਾਵਨ ਅਤੇ ਆਧਿਆਤਮਿਕ ਮਹੱਤਵ ਵਾਲੇ ਅਵਸਰ ਤੇ ਮਹਾ ਮੰਡਲੇਸ਼ਵਰ 1008 ਸਵਾਮੀ ਸੁਰੇਸ਼ ਮੁਨੀ ਜੀ ਮਹਾਰਾਜ ਦੀ ਪਾਵਨ ਹਾਜ਼ਰੀ ਵਿੱਚ ਮਨਾਏ ਗਏ ਗੁਰੂ ਪੂਜਾ (ਵਿਆਸ ਪੂਜਾ) ਮਹੋਤਸਵ ਦੌਰਾਨ ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਸਵੀਡਨ ਹਾਈਟਸ ਰਿਜ਼ੋਰਟ, ਜੈਤੋ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਸਲਾਹ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੇਵਾ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ, ਗੁਰੂ ਭਗਤਾਂ ਅਤੇ ਇਲਾਕਾ ਨਿਵਾਸੀਆਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਕੇ ਮਾਹਿਰ ਡਾਕਟਰਾਂ ਤੋਂ ਸਲਾਹ ਪ੍ਰਾਪਤ ਕੀਤੀ। ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.ਆਰ.ਓ. ਲਾਇਨ ਸੰਜੀਵ ਸ਼ਰਮਾ ‘ਟੀਨੂ’ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਕ ਭਲਾਈ ਸੇਵਾ ਕੈਂਪ ਲਾਇਨਜ਼ ਆਈ ਕੇਅਰ ਸੈਂਟਰ, ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਦੀ ਅਗਵਾਈ ਅਤੇ ਕਲੱਬ ਦੇ ਪ੍ਰਧਾਨ ਐਮ.ਜੇ.ਐੱਫ. ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਸਮੇਂ ਸਿਰ ਅੱਖਾਂ ਦੇ ਰੋਗਾਂ ਦੀ ਪਛਾਣ ਕਰਨਾ ਅਤੇ ਲੋੜਵੰਦਾਂ ਨੂੰ ਮੁਫ਼ਤ ਮੈਡੀਕਲ ਸਲਾਹ ਮੁਹੱਈਆ ਕਰਵਾਉਣਾ ਸੀ। ਕੈਂਪ ਦੌਰਾਨ ਤਜਰਬੇਕਾਰ ਡਾਕਟਰਾਂ ਦੀ ਟੀਮ ਨੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਅੱਖਾਂ ਦੀ ਜਾਂਚ ਕੀਤੀ। ਜਿਨ੍ਹਾਂ ਵਿਅਕਤੀਆਂ ਵਿੱਚ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਲੋੜੀਂਦਾ ਇਲਾਜ, ਅਗਲੇ ਟੈਸਟ ਅਤੇ ਵਿਸ਼ੇਸ਼ ਇਲਾਜ ਲਈ ਉਚਿਤ ਸਲਾਹ ਦਿੱਤੀ ਗਈ। ਕੈਂਪ ਵਿੱਚ ਪਹੁੰਚੇ ਲੋਕਾਂ ਨੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀ ਕੈਂਪ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਗੀਤਾ ਭਵਨ ਕਮੇਟੀ ਜੈਤੋ, ਗੀਤਾ ਭਵਨ ਮਹਿਲਾ ਸੰਕੀਰਤਨ ਮੰਡਲ ਅਤੇ ਸਮੂਹ ਸੇਵਾਦਾਰਾਂ ਨੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਜੈਤੋ ਗੰਗਸਰ ਸਮਾਜ ਸੇਵਾ ਨੂੰ ਆਪਣਾ ਮੁੱਖ ਧਿਆਨ ਮੰਨਦਿਆਂ ਸਮੇਂ-ਸਮੇਂ ਤੇ ਸਿਹਤ ਜਾਂਚ ਕੈਂਪ, ਰਕਤਦਾਨ ਕੈਂਪ, ਵਾਤਾਵਰਨ ਸੰਭਾਲ, ਸਿੱਖਿਆ ਅਤੇ ਹੋਰ ਲੋਕ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਪ੍ਰੋਜੈਕਟ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਲਾਇਨਜ਼ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ, ਪ੍ਰਧਾਨ ਐਮ.ਜੇ.ਐੱਫ. ਲਾਇਨ ਪ੍ਰਦੀਪ ਸਿੰਗਲਾ, ਸਕੱਤਰ ਲਾਇਨ ਮਨੂ ਵਰਮਾ, ਉਪ ਪ੍ਰਧਾਨ ਐਮ.ਜੇ.ਐੱਫ. ਲਾਇਨ ਸ਼ਿਵ ਬਾਂਸਲ, ਸਾਬਕਾ ਪ੍ਰਧਾਨ ਲਾਇਨ ਨਰੇਸ਼ ਗਰਗ, ਉਪ ਪ੍ਰਧਾਨ ਲਾਇਨ ਦਿਨੇਸ਼ ਗੋਇਲ, ਪੀ.ਆਰ.ਓ. ਲਾਇਨ ਸੰਜੀਵ ਸ਼ਰਮਾ ‘ਟੀਨੂ’, ਲਾਇਨ ਲਵਿਸ ਜਿੰਦਲ, ਲਾਇਨ ਮੁਕੇਸ਼ ਬਾਂਸਲ, ਲਾਇਨ ਮੋਹਨ ਲਾਲ ਜਿੰਦਲ, ਲਾਇਨ ਭੂਸ਼ਣ ਮਿੱਤਲ ਸੋਢੀ , ਲਾਇਨ ਕਮਲ ਕੁਮਾਰ, ਲਾਇਨ ਨਰੇਸ਼ ਮਿੱਤਲ, ਲਾਇਨ ਕ੍ਰਿਸ਼ਨ ਮਿੱਤਲ, ਬਾਬੂ ਸਿੰਘ ਸਮੇਤ ਲਾਇਨਜ਼ ਕਲੱਬ ਦੇ ਅਨੇਕ ਮੈਂਬਰ, ਸੇਵਾਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੌਰਾਨ ਗੁਰੂ ਪੂਰਨਿਮਾ ਦੇ ਪਾਵਨ ਦਿਹਾੜੇ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ ਗਿਆ ਅਤੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਦੱਸਿਆ ਗਿਆ।