- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੇ ਮੀਂਹ ਨੇ ਖ੍ਹੋਲੀ ਸਰਕਾਰ ਦੀ ਪੋਲ, ਜਲਥਲ ਹੋਈਆਂ ਸੜਕਾਂ, ਤਾਪਮਾਨ 'ਚ ਆਈ ਗਿਰਾਵਟ

ਸੜਕਾਂ ’ਤੇ ਭਰਿਆ ਪਾਣੀ, ਰਾਹਗੀਰਾਂ ਦਾ ਲੰਘਣਾ ਹੋਇਆ ਮੁਹਾਲ, ਤਾਪਮਾਨ ’ਚ ਗਿਰਾਵਟ
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੀ ਰਾਤ ਲਗਾਤਾਰ ਪਏ ਮੀਂਹ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰੀ ਮੀਂਹ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਆਮ ਦਿਨਾਂ ਦੇ ਮੁਕਾਬਲੇ ਰੌਣਕ ਘੱਟ ਰਹੀ। ਆਵਾਜਾਈ ਪ੍ਰਭਾਵਿਤ: ਦੋ-ਪਹੀਆ ਵਾਹਨ ਚਾਲਕਾਂ ਨੂੰ ਸੜਕਾਂ 'ਤੇ ਫਿਸਲਣ ਹੋਣ ਕਾਰਨ ਵਾਹਨਾਂ ਦੀ ਰਫਤਾਰ ਵੀ ਧੀਮੀ ਰਹੀ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਠੰਡੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ 34 ਡਿਗਰੀ ਤੱਕ ਰਿਹਾ ਹੈ, ਜਿਸ ਨਾਲ ਵਾਤਾਵਰਣ ਵਿੱਚ ਖੁਸ਼ਨੁਮਾ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੇ ਪਾਸ ਸ਼ਹਿਰਾਂ ਵਿੱਚ ਸੜਕਾਂ ਤੇ ਮੀਂਹ ਦਾ ਪਾਣੀ ਜਮਾਂ ਹੋ ਗਿਆ ਹੈ । ਸਥਾਨਕ ਮੋਗਾ ਰੋਡ, ਜੈਤੋ ਰੋਡ, ਦੇਵੀ ਵਾਲਾ ਰੋਡ, ਕਿਲ੍ਹਾ ਰੋਡ, ਫੈਰੂਮਾਨ ਚੌਂਕ, ਜੌੜੀਆਂ ਚੱਕੀਆਂ ਆਦਿ ਵਿਖੇ ਬੰਦ ਪਈ ਪਾਣੀ ਦੀ ਨਿਕਾਸੀ ਕਾਰਨ ਮੀਂਹ ਦਾ ਪਾਣੀ ਖੜ੍ਹ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਦਿੱਤਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਤਰਲੋਕ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਸੁਰਜੀਤ ਸਿੰਘ, ਝਿਲਮਲ ਸਿੰਘ, ਪਰਵੀਨ ਕੁਮਾਰ ਨੇ ਕਿਹਾ ਕਿ ਮੋਗਾ ਰੋਡ ਵਿਖੇ ਪਿਛਲੇ ਲੰਮੇ ਸਮੇਂ ਤੋਂ ਥੋੜਾ ਜਿਹਾ ਮੀਂਹ ਪੈਣ ਨਾਲ ਸੜਕਾਂ ਤੇ ਪਾਣੀ ਖੜ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨਗਰ ਨੂੰ ਅੱਖੋ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਰਾਜਨੀਤਿਕ ਆਗੂਆਂ ਤੋਂ ਇਲਾਵਾ ਸਰਕਾਰੀ ਦਰਬਾਰੇ ਵੀ ਫਰਿਆਦ ਕਰ ਚੁੱਕੇ ਹਨ ਪਰ ਕੋਈ ਵੀ ਪੁਖਤਾ ਹੱਲ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸੜਕ ਤੇ ਵੱਡੇ ਵੱਡੇ ਖੱਡੇ ਬਣੇ ਹੋਏ ਹਨ ਜਿਸ ’ਚ ਲੋਕ ਡਿੱਗਕੇ ਜਖਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਮੀਂਹ ਦਾ ਪਾਣੀ ਖੜ੍ਹਣ ਕਾਰਨ ਇਕ ਬੱਸ ਦਾ ਅਗਲਾ ਟਾਇਰ ਖੱਡ੍ਹ ’ਚ ਫਸ ਜਾਣ ਕਾਰਨ ਲੋਕਾਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫੇਰੂਮਾਨ ਚੌਂਕ ਦੇ ਵਸਨੀਕ ਜਗਜੀਤ ਸਿੰਘ, ਹਿੰਮਤ ਸਿੰਘ, ਤੇਜਵੀਰ ਸਿੰਘ ਆਦਿ ਨੇ ਕਿਹਾ ਕਿ ਇਸ ਨਗਰ ’ਚ ਪਾਣੀ ਖੜ੍ਹਨ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਘਰ ਅਤੇ ਦੁਕਾਨਾਂ ਨੀਵੀਆਂ ਹਨ ਜਿਸ ਕਾਰਨ ਮੀਂਹ ਦਾ ਪਾਣੀ ਉਨ੍ਹਾਂ ਘਰਾਂ, ਦੁਕਾਨਾਂ ਅੰਦਰ ਜਾਣ ਕਾਰਨ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਤੱਖੀ ਨੇ ਕਿਹਾ ਕਿ ਉਹ ਡਰੇਨ ਕੋਲ ਖੜ੍ਹੇ ਹਨ ਤੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੱਲ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੀਹ ਝੋਨੇ ਲਈ ਫਾਇਦੇਮੰਦ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਆਦਾ ਗਰਮੀ ਕਾਰਨ ਤਾਪਮਾਨ ਵੱਧ ਰਿਹਾ ਸੀ।