- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਵਿਖੇ 21 ਤੋਂ 23 ਸਤੰਬਰ ਤੱਕ ਲੱਗੇਗਾ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ : ਵਿਧਾਇਕ ਸੇਖੋਂ

ਜਗਮੀਤ ਸਿੰਘ ਨੀਟਾ, ਪੰਜਾਬੀ ਜਾਗਰਣ, ਫ਼ਰੀਦਕੋਟ : ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਮੌਕੇ ਮੇਲੇ ਦੇ ਨਾਲ-ਨਾਲ 21 ਸਤੰਬਰ ਤੋਂ 23 ਸਤੰਬਰ 2026 ਤੱਕ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਸ਼ੂਧਨ ਅਤੇ ਕਿਸਾਨ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿਧਾਇਕ ਸੇਖੋਂ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਲੋਕਾਂ ਨੂੰ ਕਣਕ ਤੇ ਰਿਵਾਇਤੀ ਖੇਤੀ ਤੋਂ ਇਲਾਵਾ ਪਸ਼ੂਆਂ ਦੀ ਮਹੱਤਤਾ ਵਰਗੇ ਸਹਾਇਕ ਧੰਦੇ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਦੀ ਕਮਾਈ ਵਿੱਚ ਹੋਰ ਵਾਧਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਮੱਝਾਂ, ਗਾਵਾਂ, ਘੋੜਿਆਂ, ਕੁੱਤਿਆਂ ਆਦਿ ਦੇ ਮੁਕਾਬਲੇ, ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ, ਪਸ਼ੂਆਂ ਦੀ ਸਿਹਤ ਸੰਭਾਲ, ਡੇਅਰੀ ਵਿਕਾਸ ਅਤੇ ਆਧੁਨਿਕ ਖੇਤੀ ਤੇ ਪਸ਼ੂ ਪਾਲਣ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਹ ਮੇਲਾ ਸਾਦਿਕ ਰੋਡ, ਦਾਣਾ ਮੰਡੀ, ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ। ਜਿਸ ਨਾਲ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ। ਵਿਧਾਇਕ ਸੇਖੋਂ ਨੇ ਪੰਜਾਬ ਭਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਧ ਤੋਂ ਵੱਧ ਪਸ਼ੂਆਂ ਸਮੇਤ ਇਸ ਮੇਲੇ ਵਿੱਚ ਪਹੁੰਚਣ ਅਤੇ ਇਸ ਮੇਲੇ ਦੀ ਸ਼ਾਨ ਵਧਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਵੱਡੀ ਸ਼ਮੂਲੀਅਤ ਨਾਲ ਇਹ ਮੇਲਾ ਗਿਆਨ, ਤਜਰਬੇ ਅਤੇ ਨਵੀਆਂ ਤਕਨੀਕਾਂ ਦੇ ਅਦਾਨ-ਪ੍ਰਦਾਨ ਲਈ ਇੱਕ ਵਿਸ਼ਾਲ ਮੰਚ ਬਣੇਗਾ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਵਿੱਚ ਹੋਣ ਵਾਲਾ ਇਹ ਪਹਿਲਾ ਪਸ਼ੂ ਧਨ ਤੇ ਕਿਸਾਨ ਮੇਲਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਸ ਪਸ਼ੂਧਨ ਮੇਲੇ ਲਈ ਹੁਣ ਤੱਕ 350 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਪੰਜਾਬ ਦੇ ਹਰ ਕੋਨੇ ਤੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਫ਼ਰੀਦਕੋਟ ਪਹੁੰਚਣ ਅਤੇ ਇਸ ਇਤਿਹਾਸਕ ਮੇਲੇ ਨੂੰ ਯਾਦਗਾਰ ਬਣਾਉਣ। ਉਨ੍ਹਾਂ ਕਿਹਾ ਕਿ ਨਕਲੀ ਦੁੱਧ ਤੇ ਬਣਾਵਟੀ ਵਸਤੂਆਂ ਦੀ ਰੋਕਥਾਮ ਲਈ ਇਹ ਪਸ਼ੂਧਨ ਮੇਲਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਡਾ. ਜਸਵਿੰਦਰ ਸਿੰਘ, ਸਹਾਇਕ ਨਿਰਦੇਸ਼ਕ, ਡਾ. ਜਸਵਿੰਦਰ ਗਰਗ, ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ, ਨਗਰ ਕੌਂਸਲ ਪ੍ਰਧਾਨ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਵੈਟਨਰੀ ਅਫ਼ਸਰ ਹਾਜ਼ਰ ਸਨ।