ਪੰਜ ਹਜ਼ਾਰ ਤੋਂ ਵੱਧ ਗਊਧਨ ਗਊਸ਼ਾਲਾਵਾਂ ’ਚ, ਫਿਰ ਵੀ ਸੜਕਾਂ ’ਤੇ ਬੇਖ਼ੌਫ਼ ਘੁੰਮ ਰਹੇ ਪਸ਼ੂ ਪੰਜ ਹਜ਼ਾਰ ਤੋਂ ਵੱਧ ਗਊਧਨ ਗਊਸ਼ਾਲਾਵਾਂ ’ਚ, ਫਿਰ ਵੀ ਫ਼ਰੀਦਕੋਟ ਦੀਆਂ ਸੜਕਾਂ ’ਤੇ ਬੇਖ਼ੌਫ਼ ਘੁੰਮ ਰਹੇ ਬੇਸਹਾਰਾ ਪਸ਼ੂ
Publish Date: Wed, 18 Nov 2026 05:11 PM (IST)
Updated Date: Thu, 19 Nov 2026 04:04 AM (IST)
ਧੁੰਦ ਤੋਂ ਪਹਿਲਾਂ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਸੜਕਾਂ ’ਤੇ ਪਸ਼ੂਆਂ ਦਾ ਜਮਾਵੜਾ ; ਕਾਊ ਕੈਚਰ ਵੈਨ ਤੇ ਗਊਸ਼ਾਲਾਵਾਂ ਦੀ ਮੌਜੂਦਗੀ ਦੇ ਬਾਵਜੂਦ ਨਹੀਂ ਨਿਕਲ ਰਿਹਾ ਸਮੱਸਿਆ ਦਾ ਹੱਲ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੇ ਇਕ ਵਾਰ ਫਿਰ ਨਗਰ ਕੌਂਸਲ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਜ਼ਿਲ੍ਹੇ ’ਚ ਅੱਠ ਤੋਂ ਵੱਧ ਗਊਸ਼ਾਲਾਵਾਂ ’ਚ ਪੰਜ ਹਜ਼ਾਰ ਤੋਂ ਵੱਧ ਗਊਧਨ ਦੀ ਦੇਖਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪਸ਼ੂਆਂ ਦੇ ਝੁੰਡ ਆਮ ਦਿਖਾਈ ਦੇ ਰਹੇ ਹਨ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਨਾਲੋਂ ਸੜਕ ’ਤੇ ਅਚਾਨਕ ਸਾਹਮਣੇ ਆਉਣ ਵਾਲੇ ਪਸ਼ੂਆਂ ਤੋਂ ਬਚਣ ਦੀ ਵਧੇਰੇ ਚਿੰਤਾ ਰਹਿੰਦੀ ਹੈ। ਸਰਦੀਆਂ ਦੇ ਮੌਸਮ ਵਿਚ ਧੁੰਦ ਪੈਣੀ ਸ਼ੁਰੂ ਹੋਣ ਨਾਲ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਘੱਟ ਦ੍ਰਿਸ਼ਟੀ ਕਾਰਨ ਸੜਕਾਂ ’ਤੇ ਬੈਠੇ ਪਸ਼ੂ ਵਾਹਨ ਚਾਲਕਾਂ ਨੂੰ ਆਖਰੀ ਸਮੇਂ ’ਤੇ ਦਿਖਾਈ ਦਿੰਦੇ ਹਨ। ਅਜਿਹੇ ’ਚ ਅਚਾਨਕ ਬਰੇਕ ਲਗਾਉਣ ਜਾਂ ਵਾਹਨ ਨੂੰ ਦੂਜੇ ਪਾਸੇ ਮੋੜਨ ਨਾਲ ਨਾ ਸਿਰਫ਼ ਵਾਹਨ ਚਾਲਕ ਸਗੋਂ ਹੋਰ ਰਾਹਗੀਰ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਖ਼ਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਵਧੇਰੇ ਖ਼ਤਰਨਾਕ ਬਣੀ ਹੋਈ ਹੈ। ਸ਼ਹਿਰ ਦੇ ਕੋਟਕਪੂਰਾ ਰੋਡ, ਸਰਕੂਲਰ ਰੋਡ, ਫਿਰੋਜ਼ਪੁਰ ਰੋਡ ਅਤੇ ਸਾਦਿਕ ਰੋਡ ਸਮੇਤ ਰੇਲਵੇ ਸਟੇਸ਼ਨ ਦੇ ਆਸ-ਪਾਸ ਪਸ਼ੂਆਂ ਦੀ ਮੌਜੂਦਗੀ ਦੇਖਣ ਨੂੰ ਮਿਲ ਰਹੀ ਹੈ। ਕਈ ਵਾਰ ਪਸ਼ੂ ਸੜਕ ਦੇ ਵਿਚਕਾਰ ਹੀ ਬੈਠ ਜਾਂਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਰਾਤ ਸਮੇਂ ਵਾਹਨਾਂ ਦੀਆਂ ਤੇਜ਼ ਲਾਈਟਾਂ ਅਤੇ ਧੁੰਦ ਕਾਰਨ ਪਸ਼ੂਆਂ ਨੂੰ ਸਮੇਂ ਸਿਰ ਦੇਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਗਊਸ਼ਾਲਾਵਾਂ ਦੀ ਮੌਜੂਦਗੀ ਦੇ ਬਾਵਜੂਦ ਸੜਕਾਂ ’ਤੇ ਕਿਉਂ ਹਨ ਪਸ਼ੂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਜ਼ਿਲ੍ਹੇ ਵਿਚ ਸਰਕਾਰੀ ਤੇ ਹੋਰ ਗਊਸ਼ਾਲਾਵਾਂ ਵਿਚ ਹਜ਼ਾਰਾਂ ਪਸ਼ੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਤਾਂ ਫਿਰ ਸ਼ਹਿਰ ਦੀਆਂ ਸੜਕਾਂ ਇਸ ਸਮੱਸਿਆ ਤੋਂ ਮੁਕਤ ਕਿਉਂ ਨਹੀਂ ਹੋ ਸਕੀਆਂ। ਪਿੰਡ ਗੋਲੇਵਾਲਾ ਵਿਖੇ ਸਰਕਾਰੀ ਗਊਸ਼ਾਲਾ ਵੀ ਮੌਜੂਦ ਹੈ। ਕਰੀਬ ਤਿੰਨ ਸਾਲ ਪਹਿਲਾਂ ਨਗਰ ਕੌਂਸਲ ਵੱਲੋਂ ਸੜਕਾਂ ’ਤੇ ਘੁੰਮਦੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਭੇਜਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਉਸ ਸਮੇਂ ਵੱਡੀ ਗਿਣਤੀ ਵਿਚ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਦੀ ਕਾਰਵਾਈ ਕੀਤੀ ਗਈ ਸੀ ਪਰ ਹੁਣ ਮੁੜ ਉਹੀ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਮੱਸਿਆ ਦੇ ਸਥਾਈ ਹੱਲ ਲਈ ਸਿਰਫ਼ ਇਕ ਵਾਰ ਮੁਹਿੰਮ ਚਲਾਉਣਾ ਕਾਫ਼ੀ ਨਹੀਂ, ਸਗੋਂ ਨਿਰੰਤਰ ਨਿਗਰਾਨੀ ਤੇ ਕਾਰਵਾਈ ਦੀ ਲੋੜ ਹੈ। ਕੂੜੇ ਦੇ ਢੇਰ ਪਸ਼ੂਆਂ ਲਈ ਬਣ ਰਹੇ ਖਿੱਚ ਦਾ ਕੇਂਦਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ਦੇ ਕਿਨਾਰੇ ਪਏ ਕੂੜੇ ਦੇ ਢੇਰ ਵੀ ਇਸ ਸਮੱਸਿਆ ਨੂੰ ਵਧਾ ਰਹੇ ਹਨ। ਖਾਣ ਵਾਲੀਆਂ ਚੀਜ਼ਾਂ ਦੀ ਭਾਲ ਵਿਚ ਪਸ਼ੂ ਇਨ੍ਹਾਂ ਥਾਵਾਂ ’ਤੇ ਇਕੱਠੇ ਹੋ ਜਾਂਦੇ ਹਨ ਤੇ ਫਿਰ ਉੱਥੋਂ ਸੜਕਾਂ ਵੱਲ ਆ ਜਾਂਦੇ ਹਨ। ਇਸ ਨਾਲ ਸੜਕਾਂ ’ਤੇ ਪਸ਼ੂਆਂ ਦੀ ਆਵਾਜਾਈ ਵਧਣ ਦੇ ਨਾਲ-ਨਾਲ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ। ਜੇਕਰ ਕੂੜੇ ਦੀ ਨਿਯਮਤ ਸਫ਼ਾਈ ਅਤੇ ਡੰਪਾਂ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਪਸ਼ੂਆਂ ਦੇ ਇਕੱਠੇ ਹੋਣ ਵਾਲੀਆਂ ਥਾਵਾਂ ਨੂੰ ਵੀ ਘਟਾਇਆ ਜਾ ਸਕਦਾ ਹੈ। ਕਾਊ ਕੈਚਰ ਵੈਨ ਹੈ ਪਰ ਕਾਰਵਾਈ ਕਿੱਥੇ ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਫ਼ਰੀਦਕੋਟ ਕੋਲ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਕਾਊ ਕੈਚਰ ਵੈਨ ਵੀ ਉਪਲਬਧ ਹੈ। ਇਸ ਦੇ ਬਾਵਜੂਦ ਸ਼ਹਿਰ ਵਿਚ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ ਕੋਈ ਲਗਾਤਾਰ ਪ੍ਰਭਾਵਸ਼ਾਲੀ ਮੁਹਿੰਮ ਦਿਖਾਈ ਨਹੀਂ ਦੇ ਰਹੀ। ਲੋਕਾਂ ਦਾ ਮੰਨਣਾ ਹੈ ਕਿ ਧੁੰਦ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜਿਨ੍ਹਾਂ ਪਸ਼ੂਆਂ ਨੂੰ ਤੁਰੰਤ ਗਊਸ਼ਾਲਾਵਾਂ ਵਿਚ ਭੇਜਣਾ ਸੰਭਵ ਨਾ ਹੋਵੇ, ਉਨ੍ਹਾਂ ਦੇ ਗਲਾਂ ਵਿਚ ਰਿਫਲੈਕਟਰ ਬੈਲਟਾਂ ਪਾਈਆਂ ਜਾਣ, ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲੱਗ ਸਕੇ। ਜਲਦੀ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ : ਈਓ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਮ੍ਰਿਤ ਲਾਲ ਨੇ ਕਿਹਾ ਕਿ ਜਲਦੀ ਹੀ ਵਿਸ਼ੇਸ਼ ਮੁਹਿੰਮ ਚਲਾ ਕੇ ਬੇਸਹਾਰਾ ਪਸ਼ੂਆਂ ਨੂੰ ਫੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। ਹੁਣ ਸ਼ਹਿਰ ਵਾਸੀਆਂ ਦੀ ਨਜ਼ਰ ਨਗਰ ਕੌਂਸਲ ਦੀ ਇਸ ਪ੍ਰਸਤਾਵਿਤ ਮੁਹਿੰਮ ’ਤੇ ਟਿਕੀ ਹੋਈ ਹੈ। ਸਵਾਲ ਇਹ ਹੈ ਕਿ ਧੁੰਦ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਸੜਕਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਪ੍ਰਸ਼ਾਸਨ ਕਿੰਨੀ ਜਲਦੀ ਅਤੇ ਕਿੰਨੀ ਪ੍ਰਭਾਵਸ਼ਾਲੀ ਕਾਰਵਾਈ ਕਰਦਾ ਹੈ।