ਜਨਗਣਨਾ ’ਚ ਸਹੀ ਜਾਣਕਾਰੀ ਹੀ ਤੈਅ ਕਰੇਗੀ ਭਵਿੱਖ ਦੇ ਵਿਕਾਸ ਦੀ ਦਿਸ਼ਾ : ਸੇਖੋਂ ਜਨਗਣਨਾ ਵਿੱਚ ਦਰਜ ਹੋਣ ਵਾਲੀ ਸਹੀ ਜਾਣਕਾਰੀ ਹੀ ਤੈਅ ਕਰੇਗੀ ਭਵਿੱਖ ਦੇ ਵਿਕਾਸ ਦੀ ਦਿਸ਼ਾ : ਗੁਰਦਿੱਤ ਸਿੰਘ ਸੇਖੋਂ
Publish Date: Tue, 17 Nov 2026 04:37 PM (IST)
Updated Date: Wed, 18 Nov 2026 04:00 AM (IST)
ਵਿਧਾਇਕ ਨੇ ਖੁਦ ਸਵੈ-ਗਣਨਾ ਪ੍ਰਕਿਰਿਆ ਵਿੱਚ ਲਿਆ ਹਿੱਸਾ, ਪੰਜਾਬੀ ਨੂੰ ਮਾਂ-ਬੋਲੀ ਵਜੋਂ ਦਰਜ ਕਰਵਾਉਣ ਦੀ ਕੀਤੀ ਅਪੀਲ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਜਨਗਣਨਾ ਸਿਰਫ਼ ਲੋਕਾਂ ਦੀ ਗਿਣਤੀ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਦਾ ਆਧਾਰ ਵੀ ਹੈ। ਇਸ ਲਈ ਹਰੇਕ ਨਾਗਰਿਕ ਵੱਲੋਂ ਆਪਣੀ ਸਹੀ ਜਾਣਕਾਰੀ ਦਰਜ ਕਰਵਾਉਣੀ ਬੇਹੱਦ ਜ਼ਰੂਰੀ ਹੈ। ਇਹ ਅਪੀਲ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜਨਗਣਨਾ-2027 ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ ਮੁਹਿੰਮ ਵਿੱਚ ਸ਼ਮੂਲੀਅਤ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਕੀਤੀ। ਵਿਧਾਇਕ ਨੇ ਕਿਹਾ ਕਿ ਸਰਕਾਰ ਵੱਲੋਂ 16 ਨਵੰਬਰ ਤੋਂ 30 ਨਵੰਬਰ ਤੱਕ ਸਵੈ-ਗਣਨਾ ਲਈ ਆਨਲਾਈਨ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਤਹਿਤ ਲੋਕ https://se.census.gov.in/ ਪੋਰਟਲ ਤੇ ਜਾ ਕੇ ਆਪਣੇ ਤੇ ਆਪਣੇ ਪਰਿਵਾਰ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਖੁਦ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਸਹੂਲਤ ਰਾਹੀਂ ਨਾਗਰਿਕ ਘਰ ਬੈਠਿਆਂ ਹੀ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ, ਜਿਸ ਨਾਲ ਜਾਣਕਾਰੀ ਦਰਜ ਕਰਵਾਉਣਾ ਹੋਰ ਵੀ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਪਹੁੰਚ ਕੇ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤੋਂ ਪਹਿਲਾਂ ਹੀ ਆਨਲਾਈਨ ਸਵੈ-ਗਣਨਾ ਦਾ ਲਾਭ ਲੈਣ ਅਤੇ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਨਗਣਨਾ ਦੇ ਅੰਕੜੇ ਭਵਿੱਖ ਵਿੱਚ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਯੋਜਨਾਬੰਦੀ ਲਈ ਅਹਿਮ ਭੂਮਿਕਾ ਨਿਭਾਉਣਗੇ। ਜਿੰਨੀ ਸਹੀ ਜਾਣਕਾਰੀ ਸਰਕਾਰ ਕੋਲ ਹੋਵੇਗੀ, ਉਸੇ ਅਨੁਸਾਰ ਲੋਕਾਂ ਦੀਆਂ ਲੋੜਾਂ ਮੁਤਾਬਕ ਵਿਕਾਸ ਯੋਜਨਾਵਾਂ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਲਈ ਕੋਈ ਵੀ ਪਰਿਵਾਰ ਜਾਂ ਨਾਗਰਿਕ ਜਨਗਣਨਾ ਪ੍ਰਕਿਰਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਵਿਧਾਇਕ ਨੇ ਜ਼ਿਲ੍ਹਾ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਸਵੈ-ਗਣਨਾ ਦੌਰਾਨ ਮਾਂ-ਬੋਲੀ ਸਬੰਧੀ ਜਾਣਕਾਰੀ ਭਰਦੇ ਸਮੇਂ ਪੰਜਾਬੀ ਭਾਸ਼ਾ ਹੀ ਦਰਜ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਪਛਾਣ, ਸੱਭਿਆਚਾਰ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ। ਇਸ ਲਈ ਜਨਗਣਨਾ ਵਿੱਚ ਮਾਂ-ਬੋਲੀ ਦੀ ਸਹੀ ਜਾਣਕਾਰੀ ਦਰਜ ਕਰਵਾਉਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।