ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਭੋਜਨ ਛਕਾ ਕੇ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼ ਲਾਇਨਜ਼ ਕਲੱਬ ਜੈਤੋ ਗੰਗਸਰ ਤੇ ਫ਼ਰੀਦਕੋਟ ਮੇਨ ਵੱਲੋਂ ‘ਲੰਗਰ ਫਾਰ ਹੰਗਰ’ ਸੇਵਾ ਪ੍ਰੋਜੈਕਟ
Publish Date: Tue, 17 Nov 2026 04:28 PM (IST)
Updated Date: Wed, 18 Nov 2026 04:00 AM (IST)
ਲਾਇਨਜ਼ ਕਲੱਬ ਜੈਤੋ ਗੰਗਸਰ ਤੇ ਫ਼ਰੀਦਕੋਟ ਮੇਨ ਵੱਲੋਂ ‘ਲੰਗਰ ਫਾਰ ਹੰਗਰ’ ਸੇਵਾ ਪ੍ਰੋਜੈਕਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਲਾਇਨਜ਼ ਕਲੱਬ ਜੈਤੋ ਗੰਗਸਰ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਮੇਨ ਵੱਲੋਂ ਸਾਂਝੇ ਤੌਰ ’ਤੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ‘ਲੰਗਰ ਫਾਰ ਹੰਗਰ’ ਸੇਵਾ ਪ੍ਰੋਜੈਕਟ ਲਗਾਇਆ ਗਿਆ। ਇਸ ਮੌਕੇ ਦੋਵਾਂ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੇਵਾ ਭਾਵਨਾ ਨਾਲ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਭੋਜਨ ਛਕਾਇਆ ਅਤੇ ਲੋੜਵੰਦਾਂ ਦੀ ਸਹਾਇਤਾ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.ਆਰ.ਓ. ਲਾਇਨ ਸੰਜੀਵ ਸ਼ਰਮਾ ‘ਟੀਨੂੰ’ ਅਤੇ ਆਈ ਕੈਂਪ ਪ੍ਰੋਜੈਕਟ ਚੇਅਰਮੈਨ ਲਾਇਨ ਨਰੇਸ਼ ਮਿੱਤਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਲੋੜਵੰਦਾਂ, ਬਜ਼ੁਰਗਾਂ ਤੇ ਮਰੀਜ਼ਾਂ ਤੱਕ ਭੋਜਨ ਪਹੁੰਚਾਉਣਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਅਸਲ ਸੇਵਾ ਉਹੀ ਹੈ, ਜਿਸ ਰਾਹੀਂ ਲੋੜਵੰਦ ਵਿਅਕਤੀ ਦੀ ਮੁਸ਼ਕਲ ਨੂੰ ਸਮਝਦਿਆਂ ਉਸ ਦੀ ਮਦਦ ਕੀਤੀ ਜਾਵੇ। ਅਜਿਹੇ ਸੇਵਾ ਕਾਰਜ ਸਮਾਜ ਵਿੱਚ ਆਪਸੀ ਪਿਆਰ, ਸਹਿਯੋਗ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਲਾਇਨਜ਼ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਅਤੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਵਰਗਾਂ ਦੀ ਸੇਵਾ ਕਰਨਾ ਕਲੱਬ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਮਰੀਜ਼ਾਂ ਦੀ ਸਹਾਇਤਾ ਕਰਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡਾ ਫ਼ਰਜ਼ ਵੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਲੋਕ ਭਲਾਈ ਅਤੇ ਸਮਾਜ ਸੇਵਾ ਨਾਲ ਜੁੜੇ ਅਜਿਹੇ ਪ੍ਰੋਜੈਕਟ ਨਿਰੰਤਰ ਜਾਰੀ ਰੱਖੇ ਜਾਣਗੇ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਮੇਨ ਦੇ ਪ੍ਰਧਾਨ ਲਾਇਨ ਗਿਰੀਸ਼ ਸੁਖੀਜਾ, ਜ਼ੋਨ ਚੇਅਰਮੈਨ ਲਾਇਨ ਹਰਜੀਤ ਸਿੰਘ, ਜ਼ੋਨ ਚੇਅਰਮੈਨ ਲਾਇਨ ਸੰਦੀਪ ਜਿੰਦਲ, ਲਾਇਨ ਪ੍ਰਦੀਪ ਦਿਓੜਾ, ਲਾਇਨ ਲੋਕਿੰਦਰ ਸ਼ਰਮਾ, ਲਾਇਨ ਪੰਕਜ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।