ਸਾਹਿਤਕ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ ਭਾਸ਼ਾ ਵਿਭਾਗ ਵੱਲੋਂ ਕਰਵਾਏ ਸਾਹਿਤਕ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
Publish Date: Wed, 28 Oct 2026 04:35 PM (IST)
Updated Date: Thu, 29 Oct 2026 04:01 AM (IST)
ਕਵਿਤਾ ਗਾਇਨ, ਕਵਿਤਾ ਤੇ ਕਹਾਣੀ ਲੇਖਣ ਤੇ ਲੇਖ ਰਚਨਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ ਜਗਮੀਤ ਸਿੰਘ ਨੀਟਾ, ਪੰਜਾਬੀ ਜਾਗਰਣ, ਫ਼ਰੀਦਕੋਟ : ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫ਼ਰ ਦੇ ਆਦੇਸ਼ਾਂ ਤਹਿਤ ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਸਾਹਿਤਕ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੌਰਾਨ ਕਵਿਤਾ ਗਾਇਨ, ਕਵਿਤਾ ਲੇਖਣ, ਕਹਾਣੀ ਲੇਖਣ ਅਤੇ ਲੇਖ ਰਚਨਾ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਅਤੇ ਉਨ੍ਹਾਂ ਅੰਦਰ ਸਿਰਜਣਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਕਲਾ ਅਤੇ ਸਾਹਿਤ ਨਾਲ ਜੋੜਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲੀ ਪਾਠਕ੍ਰਮ ਦੇ ਨਾਲ-ਨਾਲ ਉੱਚ ਪੱਧਰੀ ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ, ਸਾਹਿਤਕਾਰ ਅਤੇ ਰੰਗਕਰਮੀ ਕੁਮਾਰ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ ਕਰਦਿਆਂ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਮੰਚ ਸੰਚਾਲਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਕੀਤਾ। ਮੁਕਾਬਲਿਆਂ ਦੀ ਜੱਜਮੈਂਟ ਲੋਕ ਗਾਇਕ ਦਿਲਬਾਗ ਚਹਿਲ, ਸੰਗੀਤਕਾਰ ਸੁਖਚੈਨ ਸਿੰਘ ਬਿੱਟਾ, ਸਟੇਟ ਐਵਾਰਡੀ ਲੈਕਚਰਾਰ ਜਸਵਿੰਦਰਪਾਲ ਸਿੰਘ ਮਿੰਟੂ ਅਤੇ ਲੇਖਕ ਗੁਰਜੀਤ ਸਿੰਘ ਟਹਿਣਾ ਨੇ ਕੀਤੀ। ਇਸ ਮੌਕੇ ਲੋਕ ਗਾਇਕ ਦਿਲਬਾਗ ਚਹਿਲ ਨੇ ਪੰਜਾਬ ਦੇ ਨਾਮਵਰ ਸ਼ਾਇਰ ਵਿਜੈ ਵਿਵੇਕ ਦੀ ਰਚਨਾ ਮੋਤੀ ਸਿਤਾਰੇ ਫੁੱਲ ਸੁਣਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿੱਚ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ, ਕਲਰਕ ਜਸਮੇਲ ਸਿੰਘ, ਗੁਰਪ੍ਰੀਤ ਸਿੰਘ, ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ ਅਤੇ ਅਧਿਆਪਕ ਪ੍ਰਗਟ ਸਿੰਘ ਪੱਖੀਕਲਾਂ ਨੇ ਯੋਗਦਾਨ ਪਾਇਆ। ਇਹ ਰਹੇ ਮੁਕਾਬਲਿਆਂ ਦੇ ਜੇਤੂ ਕਵਿਤਾ ਗਾਇਨ ਮੁਕਾਬਲੇ ਵਿੱਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੀ ਏਕਮਜੋਤ ਕੌਰ ਨੇ ਪਹਿਲਾ, ਬਾਬਾ ਫ਼ਰੀਦ ਪਬਲਿਕ ਸਕੂਲ ਦੀ ਸੁਖਮਨਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਨਵੀਂ ਪਿੱਪਲੀ ਦੇ ਯੁਵਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੀ ਭਵਿਕਾ ਨੂੰ ਹੌਸਲਾ ਵਧਾਊ ਇਨਾਮ ਲਈ ਚੁਣਿਆ ਗਿਆ। ਕਵਿਤਾ ਲੇਖਣ ਮੁਕਾਬਲੇ ਵਿੱਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੀ ਹਰਨੂਰ ਕੌਰ ਨੇ ਪਹਿਲਾ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੀ ਗੁਰਲੀਨ ਕੌਰ ਨੇ ਦੂਜਾ ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਐਲਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਲੇਖਣ ਮੁਕਾਬਲੇ ਵਿੱਚ ਡੀਏਵੀ ਸਕੂਲ ਕੋਟਕਪੂਰਾ ਦੀ ਏਕਮਪ੍ਰੀਤ ਕੌਰ ਨੇ ਪਹਿਲਾ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੀ ਪ੍ਰਭਨੂਰ ਕੌਰ ਨੇ ਦੂਜਾ ਅਤੇ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੀ ਪੂਰਨਿਮਾ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਦੀ ਰਮਨਦੀਪ ਕੌਰ ਨੇ ਪਹਿਲਾ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੀ ਹਰਲੀਨ ਕੌਰ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1,000 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 750 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 500 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ