ਬ੍ਰਹਮਗਿਆਨ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣਾ ਹੀ ਅਸਲ ਜਾਗ੍ਰਿਤੀ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਬ੍ਰਹਮਗਿਆਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਹੀ ਅਸਲ ਜਾਗ੍ਰਿਤੀ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
Publish Date: Tue, 27 Oct 2026 07:09 PM (IST)
Updated Date: Wed, 28 Oct 2026 04:05 AM (IST)
79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਪ੍ਰੇਮ, ਭਗਤੀ ਤੇ ਮਾਨਵਤਾ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਅਧਿਆਤਮਿਕ ਜਾਗ੍ਰਿਤੀ, ਪ੍ਰੇਮ, ਭਗਤੀ ਅਤੇ ਮਾਨਵਤਾ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ ਹੋ ਗਿਆ। ਸਮਾਗਮ ਦੇ ਸਮਾਪਤੀ ਦਿਵਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਬ੍ਰਹਮਗਿਆਨ ਦੀ ਅਸਲ ਸਾਰਥਕਤਾ ਇਸ ਨੂੰ ਜੀਵਨ ਵਿੱਚ ਅਪਣਾਉਣ ਅਤੇ ਆਪਣੇ ਵਿਚਾਰਾਂ, ਵਿਵਹਾਰ ਤੇ ਕਰਮਾਂ ਦਾ ਹਿੱਸਾ ਬਣਾਉਣ ਵਿੱਚ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਅਧਿਆਤਮਿਕ ਜਾਗ੍ਰਿਤੀ ਸਿਰਫ਼ ਸਤਿਸੰਗ ਜਾਂ ਕਿਸੇ ਸਮਾਗਮ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਜੀਵਨ ਦੇ ਹਰ ਪਲ ਵਿੱਚ ਨਿਰਾਕਾਰ ਪਰਮਾਤਮਾ ਦਾ ਅਹਿਸਾਸ ਬਣਾਈ ਰੱਖਣਾ ਹੀ ਅਸਲ ਜਾਗ੍ਰਿਤੀ ਹੈ। ਜਦੋਂ ਮਨੁੱਖ ਬ੍ਰਹਮਗਿਆਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਂਦਾ ਹੈ ਤਾਂ ਉਸ ਦੇ ਵਿਚਾਰਾਂ, ਵਿਵਹਾਰ ਅਤੇ ਕਰਮਾਂ ਵਿੱਚ ਸਕਾਰਾਤਮਕ ਤਬਦੀਲੀ ਆਉਂਦੀ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਨਾ ਦਿੱਤੀ ਕਿ ਜੀਵਨ ਵਿੱਚ ਸਕਾਰਾਤਮਕ ਸੋਚ, ਪ੍ਰੇਮ, ਕਰੁਣਾ ਅਤੇ ਨਿਮਰਤਾ ਨੂੰ ਅਪਣਾਇਆ ਜਾਵੇ। ਦੂਜਿਆਂ ਦੀਆਂ ਕਮੀਆਂ ਲੱਭਣ ਦੀ ਬਜਾਏ ਉਨ੍ਹਾਂ ਦੇ ਗੁਣਾਂ ਨੂੰ ਦੇਖਣ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਚੀ ਜਾਗ੍ਰਿਤੀ ਦੀ ਸ਼ੁਰੂਆਤ ਆਪਣੇ ਘਰ-ਪਰਿਵਾਰ ਅਤੇ ਨਿੱਜੀ ਜੀਵਨ ਤੋਂ ਹੁੰਦੀ ਹੈ। ਸੇਵਾ, ਸਿਮਰਨ ਅਤੇ ਸਤਿਸੰਗ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਨਾਲ ਹਰ ਸਥਿਤੀ ਵਿੱਚ ਪਰਮਾਤਮਾ ਦਾ ਅਹਿਸਾਸ ਕਾਇਮ ਰੱਖਣਾ ਚਾਹੀਦਾ ਹੈ। ਅਜਿਹੀ ਜੀਵਨਸ਼ੈਲੀ ਮਨੁੱਖ ਨੂੰ ਸੁਖਮਈ ਜੀਵਨ ਜਿਊਣ ਅਤੇ ਅਧਿਆਤਮਿਕ ਤੌਰ ’ਤੇ ਸਮ੍ਰਿੱਧ ਹੋਣ ਦੀ ਪ੍ਰੇਰਨਾ ਦਿੰਦੀ ਹੈ। ਸਮਾਗਮ ਦੌਰਾਨ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਦਰਸ਼ਨ ਕਰਕੇ ਉਨ੍ਹਾਂ ਦੇ ਆਸ਼ੀਰਵਾਦ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਸਮੁੱਚੀ ਸਾਧ-ਸੰਗਤ ਅਤੇ ਸਮਾਗਮ ਦੇ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਰਕਾਰੀ ਵਿਭਾਗਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸਮਾਗਮ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ, ਜੋ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਭਵਿੱਖ ਵਿੱਚ ਵੀ ਸੰਗਤ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਕਾਮਨਾ ਕੀਤੀ। 80 ਕਵੀਆਂ ਨੇ ਵੱਖ-ਵੱਖ ਭਾਸ਼ਾਵਾਂ ’ਚ ਪੇਸ਼ ਕੀਤੀਆਂ ਕਵਿਤਾਵਾਂ ਸਮਾਗਮ ਦੇ ਚਾਰੇ ਦਿਨ ਕਰਵਾਇਆ ਗਿਆ ਕਵੀ ਦਰਬਾਰ ਵੀ ਖਿੱਚ ਦਾ ਕੇਂਦਰ ਰਿਹਾ। ਇਸ ਵਿੱਚ ਬਾਲ ਕਵੀਆਂ ਸਮੇਤ ਮਹਿਲਾ ਅਤੇ ਪੁਰਸ਼ ਕਵੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁੱਲ 80 ਕਵੀਆਂ ਨੇ ‘ਜਾਗ੍ਰਿਤੀ’ ਵਿਸ਼ੇ ’ਤੇ ਆਧਾਰਿਤ ਆਪਣੀਆਂ ਮੌਲਿਕ ਕਵਿਤਾਵਾਂ ਪੇਸ਼ ਕੀਤੀਆਂ। ਹਿੰਦੀ, ਰਾਜਸਥਾਨੀ, ਪੰਜਾਬੀ, ਅੰਗਰੇਜ਼ੀ, ਹਰਿਆਣਵੀ, ਮੁਲਤਾਨੀ, ਮਰਾਠੀ, ਭੋਜਪੁਰੀ ਅਤੇ ਸੰਸਕ੍ਰਿਤ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕੀਤੀਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਤਰ੍ਹਾਂ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਅਧਿਆਤਮਿਕ ਪ੍ਰੇਰਨਾਵਾਂ ਅਤੇ ਮਾਨਵਤਾ ਦੇ ਸੰਦੇਸ਼ ਨਾਲ ਸੰਪੰਨ ਹੋਇਆ। ਸਮਾਗਮ ਨੇ ਅਨੇਕਤਾ ਵਿੱਚ ਏਕਤਾ, ਆਪਸੀ ਸਦਭਾਵਨਾ ਅਤੇ ਸਮੁੱਚੀ ਮਾਨਵਤਾ ਨੂੰ ਪ੍ਰੇਮ ਦੇ ਸੂਤਰ ਵਿੱਚ ਪਰੋਣ ਦਾ ਸੰਦੇਸ਼ ਦਿੱਤਾ। ਸਮਾਗਮ ਤੋਂ ਅਧਿਆਤਮਿਕ ਪ੍ਰੇਰਨਾਵਾਂ ਅਤੇ ਮਿੱਠੀਆਂ ਯਾਦਾਂ ਲੈ ਕੇ ਸ਼ਰਧਾਲੂ ਆਪੋ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋਏ।