ਬੀਸੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਕਾਲੀ ਦਲ ਵਚਨਬੱਧ : ਗਾਬੜੀਆ ਬੀਸੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਕਾਲੀ ਦਲ ਵਚਨਬੱਧ: ਹੀਰਾ ਸਿੰਘ ਗਾਬੜੀਆ
Publish Date: Tue, 27 Oct 2026 05:16 PM (IST)
Updated Date: Wed, 28 Oct 2026 04:02 AM (IST)
ਕੋਟਕਪੂਰਾ ਵਿੱਚ ਬੀਸੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ, ਅਕਾਲੀ ਸਰਕਾਰ ਸਮੇਂ ਦਿੱਤੀਆਂ ਸਹੂਲਤਾਂ ਤੇ ਭਵਿੱਖ ਦੀਆਂ ਨੀਤੀਆਂ ਬਾਰੇ ਕਰਵਾਇਆ ਜਾਣੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਬੀਸੀ ਵਰਗ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਜ਼ਰੂਰੀ ਹੈ। ਉਹ ਅੱਗਰਵਾਲ ਧਰਮਸ਼ਾਲਾ, ਕੋਟਕਪੂਰਾ ਵਿਖੇ ਹਲਕਾ ਕੋਟਕਪੂਰਾ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਅਤੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਮੀਟਿੰਗ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਹੋਈ। ਇਸ ਦੌਰਾਨ ਬੀਸੀ ਵਰਗ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਹੱਲ ਅਤੇ ਵਰਗ ਦੀ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੀਸੀ ਵਰਗ ਲਈ ਕੀਤੇ ਗਏ ਕੰਮਾਂ ਅਤੇ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਆਗੂਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਬੀਸੀ ਵਰਗ ਦੀ ਭਲਾਈ ਲਈ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀਸੀ ਵਰਗ ਦੇ ਲੋਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਸਮਝਦਿਆਂ ਉਨ੍ਹਾਂ ਦੇ ਹੱਲ ਲਈ ਢੁੱਕਵੇਂ ਯਤਨ ਕਰਨੇ ਮਹੱਤਵਪੂਰਨ ਹਨ। ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਬੀਸੀ ਵਰਗ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਵਰਗ ਦੀਆਂ ਸਮੱਸਿਆਵਾਂ ਨੂੰ ਉਭਾਰਨ, ਉਨ੍ਹਾਂ ਦੇ ਹੱਲ ਲਈ ਯਤਨ ਕਰਨ ਅਤੇ ਜਥੇਬੰਦਕ ਪੱਧਰ ’ਤੇ ਆਗੂਆਂ ਦੀ ਭੂਮਿਕਾ ਬਾਰੇ ਵੀ ਵਿਚਾਰ-ਚਰਚਾ ਹੋਈ। ਮੀਟਿੰਗ ਦਾ ਉਦੇਸ਼ ਬੀਸੀ ਵਰਗ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਸਾਂਝੇ ਕਰਨਾ ਅਤੇ ਪਾਰਟੀ ਦੇ ਆਗੂਆਂ ਨਾਲ ਤਾਲਮੇਲ ਬਣਾਉਣਾ ਰਿਹਾ। ਇਸ ਮੌਕੇ ਮਨਤਾਰ ਸਿੰਘ ਬਰਾੜ ਨੇ ਹੀਰਾ ਸਿੰਘ ਗਾਬੜੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਆਗੂਆਂ ਅਤੇ ਸੰਗਤ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਰਾਹੀਂ ਵਰਗ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਨਰਿੰਦਰ ਸਿੰਘ ਨਿੰਦਾ, ਗੁਰਦੇਵ ਸਿੰਘ ਠੇਕੇਦਾਰ, ਹਲਕਾ ਕੋਟਕਪੂਰਾ ਬੀਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਭੁੱਲਰ, ਜ਼ਿਲ੍ਹਾ ਫ਼ਰੀਦਕੋਟ ਬੀਸੀ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਅਨੋਖਾ, ਸਰਕਲ ਪ੍ਰਧਾਨ ਅੰਗਰੇਜ਼ ਸਿੰਘ ਬਿੱਟੂ, ਸਾਬਕਾ ਕੌਂਸਲਰ ਅਤੇ ਸਰਕਲ ਪ੍ਰਧਾਨ ਰਣਜੀਤ ਸਿੰਘ ਕਾਕਾ, ਜਗਸੀਰ ਸਿੰਘ ਸੀਰਾ ਗਿੱਲ, ਰਾਇਵਿੰਦਰ ਸਿੰਘ ਰਾਓ, ਗੁਰਮੀਤ ਸਿੰਘ ਠੇਕੇਦਾਰ, ਲਾਭ ਸਿੰਘ, ਸਾਬਕਾ ਕੌਂਸਲਰ ਬਗੀਚਾ ਸਿੰਘ, ਕੌਂਸਲਰ ਅਰਜਨ ਸਿੰਘ, ਦਿਲਦਾਰ ਸਿੰਘ, ਬੇਅੰਤ ਸਿੰਘ ਖਾਲਸਾ, ਕੌਂਸਲਰ ਸੰਨੀ ਸਿੰਘ, ਪ੍ਰਭਜਿੰਦਰ ਸਿੰਘ ਲਾਡੀ, ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਮਰੀਕ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।