ਪੰਜਾਬ ਦਿਵਸ ’ਤੇ ਸੜਕਾਂ ’ਤੇ ਦੌੜਨਗੇ ਲੋਕ, ਜੇਤੂਆਂ ਨੂੰ ਮਿਲਣਗੇ 31 ਹਜ਼ਾਰ ਰੁਪਏ ਪੰਜਾਬ ਦਿਵਸ ’ਤੇ ਕੋਟਕਪੂਰਾ ਦੀਆਂ ਸੜਕਾਂ ’ਤੇ ਦੌੜਨਗੇ ਲੋਕ, ਜੇਤੂਆਂ ਨੂੰ ਮਿਲਣਗੇ 31 ਹਜ਼ਾਰ ਰੁਪਏ
Publish Date: Tue, 27 Oct 2026 04:02 PM (IST)
Updated Date: Wed, 28 Oct 2026 04:01 AM (IST)
1 ਨਵੰਬਰ ਨੂੰ ਸਵੇਰੇ 6 ਵਜੇ ਸ਼ੁਰੂ ਹੋਵੇਗੀ ਮੈਰਾਥਨ, ਨਸ਼ਿਆਂ ਵਿਰੁੱਧ ਜਾਗਰੂਕਤਾ ਤੇ ਸਿਹਤਮੰਦ ਜੀਵਨਸ਼ੈਲੀ ਦਾ ਦਿੱਤਾ ਜਾਵੇਗਾ ਸੁਨੇਹਾ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਦਿਵਸ ਮੌਕੇ ਕੋਟਕਪੂਰਾ ਵਿਖੇ 1 ਨਵੰਬਰ ਨੂੰ ਕਰਵਾਈ ਜਾਣ ਵਾਲੀ ਮੈਰਾਥਨ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਿਰੁੱਧ ਸਮਾਜਿਕ ਚੇਤਨਾ ਪੈਦਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਦੌੜ ’ਚ 10 ਤੋਂ 60 ਸਾਲ ਤੱਕ ਦੀ ਉਮਰ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਹਿੱਸਾ ਲੈ ਸਕਣਗੇ। ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਭਾਗੀਦਾਰ ਨੂੰ 31 ਹਜ਼ਾਰ ਰੁਪਏ, ਦੂਜੇ ਸਥਾਨ ਵਾਲੇ ਨੂੰ 21 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 11 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਮੈਰਾਥਨ ਦੀ ਸ਼ੁਰੂਆਤ 1 ਨਵੰਬਰ ਨੂੰ ਸਵੇਰੇ 6 ਵਜੇ ਕੋਟਕਪੂਰਾ ਦੇ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੰਬਰ-1 ਤੋਂ ਹੋਵੇਗੀ। ਦੌੜਾਕ ਬੱਤੀਆਂ ਵਾਲਾ ਚੌਕ ਤੋਂ ਹੁੰਦੇ ਹੋਏ ਫ਼ਰੀਦਕੋਟ ਰੋਡ, ਸਿਵਲ ਹਸਪਤਾਲ ਕੋਟਕਪੂਰਾ ਅਤੇ ਫਲਾਈਓਵਰ ਰਾਹੀਂ ਪਿੰਡ ਸੰਧਵਾਂ ਦੇ ਸਰਕਾਰੀ ਸਕੂਲ ਤੱਕ ਪਹੁੰਚਣਗੇ। ਉੱਥੋਂ ਵਾਪਸੀ ਕਰਦਿਆਂ ਉਹ ਉਸੇ ਰਸਤੇ ਰਾਹੀਂ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੰਬਰ-2 ਵਿਖੇ ਪਹੁੰਚਣਗੇ, ਜਿੱਥੇ ਦੌੜ ਦੀ ਸਮਾਪਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਰਾਥਨ ਦਾ ਮਕਸਦ ਸਿਰਫ਼ ਮੁਕਾਬਲੇ ਕਰਵਾਉਣਾ ਜਾਂ ਇਨਾਮ ਵੰਡਣਾ ਨਹੀਂ, ਸਗੋਂ ਲੋਕਾਂ ਨੂੰ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨਾ ਵੀ ਹੈ। ਇਸ ਦੌਰਾਨ ਘੱਟ ਉਮਰ ਦੇ 10 ਬੱਚਿਆਂ ਅਤੇ ਵਡੇਰੀ ਉਮਰ ਦੇ 10 ਵਿਅਕਤੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੈਰਾਥਨ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਣਗੇ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਜੇਤੂਆਂ ਨੂੰ ਇਨਾਮ ਵੰਡਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ, ਵਿਦਿਅਕ ਸੰਸਥਾਵਾਂ, ਯੂਥ ਕਲੱਬਾਂ, ਖੇਡ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਤਾਂ ਜੋ ਪੰਜਾਬ ਦਿਵਸ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਨਸ਼ਾ ਮੁਕਤ ਸਮਾਜ ਦੇ ਸੰਦੇਸ਼ ਨਾਲ ਮਨਾਇਆ ਜਾ ਸਕੇ।