ਸਰਕਾਰ ਜੀ, ਜਾਗੋ! ਲਾਵਾਰਿਸ ਪਸ਼ੂ ਬਣੇ ਲੋਕਾਂ ਲਈ ਖ਼ਤਰਾ ਸਰਕਾਰ ਜੀ, ਜਾਗੋ! ਲਾਵਾਰਿਸ ਪਸ਼ੂ ਬਣੇ ਲੋਕਾਂ ਲਈ ਖ਼ਤਰਾ
Publish Date: Tue, 27 Oct 2026 03:38 PM (IST)
Updated Date: Wed, 28 Oct 2026 04:01 AM (IST)
ਫ਼ਸਲਾਂ ਦਾ ਉਜਾੜਾ ਤੇ ਸੜਕ ਹਾਦਸਿਆਂ ਦਾ ਡਰ, ਜੈਤੋ ਵਾਸੀਆਂ ਵੱਲੋਂ ਪੱਕੇ ਹੱਲ ਦੀ ਮੰਗ ਭੋਲ਼ਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ ਸ਼ਹਿਰ ਤੇ ਆਸ-ਪਾਸ ਦੇ ਪੇਂਡੂ ਖੇਤਰਾਂ ਵਿੱਚ ਲਾਵਾਰਿਸ ਪਸ਼ੂਆਂ ਦੀ ਵਧਦੀ ਗਿਣਤੀ ਲੋਕਾਂ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਮੁੱਖ ਮਾਰਗਾਂ ਤੋਂ ਲੈ ਕੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ, ਬਾਜ਼ਾਰਾਂ, ਜਨਤਕ ਪਾਰਕਾਂ ਅਤੇ ਪਿੰਡਾਂ ਦੀਆਂ ਗਲੀਆਂ ਤੱਕ ਇਨ੍ਹਾਂ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ। ਇਕ ਪਾਸੇ ਇਹ ਪਸ਼ੂ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੜਕਾਂ ’ਤੇ ਅਚਾਨਕ ਵਾਹਨਾਂ ਅੱਗੇ ਆ ਜਾਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਹੁਣ ਤੱਕ ਕੀਤੇ ਗਏ ਪ੍ਰਬੰਧ ਨਾਕਾਫ਼ੀ ਸਾਬਤ ਹੋ ਰਹੇ ਹਨ ਅਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸ਼ਹਿਰ ਦੀ ਹਾਲਤ ਇਹ ਹੈ ਕਿ ਕਈ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਲਾਵਾਰਿਸ ਪਸ਼ੂਆਂ ਦੇ ਝੁੰਡ ਘੁੰਮਦੇ ਦਿਖਾਈ ਦਿੰਦੇ ਹਨ। ਦਿਨ ਵੇਲੇ ਗਲੀਆਂ ਅਤੇ ਬਾਜ਼ਾਰਾਂ ਵਿੱਚ ਘੁੰਮਣ ਵਾਲੇ ਇਹ ਪਸ਼ੂ ਰਾਤ ਪੈਂਦਿਆਂ ਹੀ ਸੜਕਾਂ ’ਤੇ ਬੈਠ ਜਾਂਦੇ ਹਨ। ਹਨੇਰੇ ਵਿੱਚ ਵਾਹਨ ਚਾਲਕਾਂ ਨੂੰ ਕਈ ਵਾਰ ਇਨ੍ਹਾਂ ਦਾ ਪਤਾ ਦੇਰ ਨਾਲ ਲੱਗਦਾ ਹੈ, ਜਿਸ ਕਾਰਨ ਅਚਾਨਕ ਬ੍ਰੇਕ ਲਗਾਉਣ ਜਾਂ ਵਾਹਨ ਨੂੰ ਇਕਦਮ ਮੋੜਨ ਸਮੇਂ ਹਾਦਸੇ ਵਾਪਰਨ ਦਾ ਖ਼ਤਰਾ ਬਣ ਜਾਂਦਾ ਹੈ। ਜੈਤੋ ਇਲਾਕੇ ਵਿੱਚੋਂ ਲੰਘਣ ਵਾਲੇ ਜੈਤੋ-ਕੋਟਕਪੂਰਾ, ਜੈਤੋ-ਬਠਿੰਡਾ, ਜੈਤੋ-ਬਰਨਾਲਾ ਅਤੇ ਜੈਤੋ-ਸ੍ਰੀ ਮੁਕਤਸਰ ਸਾਹਿਬ ਮਾਰਗਾਂ ’ਤੇ ਵੀ ਲਾਵਾਰਿਸ ਪਸ਼ੂ ਵਾਹਨ ਚਾਲਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਤੇਜ਼ ਰਫ਼ਤਾਰ ਵਾਹਨਾਂ ਅੱਗੇ ਪਸ਼ੂ ਅਚਾਨਕ ਆ ਜਾਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਅਨੁਸਾਰ, ਇਸ ਸਮੱਸਿਆ ਕਾਰਨ ਵਾਹਨ ਚਾਲਕਾਂ ਨੂੰ ਖ਼ਾਸ ਕਰ ਕੇ ਰਾਤ ਸਮੇਂ ਵਧੇਰੇ ਸਾਵਧਾਨੀ ਵਰਤਣੀ ਪੈਂਦੀ ਹੈ। ਗਊਸ਼ਾਲਾਵਾਂ ਹੋਣ ਦੇ ਬਾਵਜੂਦ ਸਮੱਸਿਆ ਬਰਕਰਾਰ ਸ਼ਹਿਰ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਜੈਤੋ ਵਿੱਚ ਦੋ ਗਊਸ਼ਾਲਾਵਾਂ ਮੌਜੂਦ ਹਨ ਅਤੇ ਇਨ੍ਹਾਂ ਵਿੱਚੋਂ ਇਕ ਕੋਲ ਕਈ ਏਕੜ ਜ਼ਮੀਨ ਵੀ ਹੈ, ਫਿਰ ਵੀ ਸੜਕਾਂ ’ਤੇ ਘੁੰਮਦੇ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਕਿਉਂ ਨਹੀਂ ਹੋ ਸਕਿਆ। ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਘੁੰਮ ਰਹੇ ਪਸ਼ੂਆਂ ਦੀ ਸੰਭਾਲ ਕਰਨਾ ਉਨ੍ਹਾਂ ਲਈ ਇਕੱਲਿਆਂ ਸੰਭਵ ਨਹੀਂ ਹੋ ਰਿਹਾ। ਇਸ ਲਈ ਸਮੱਸਿਆ ਦੇ ਹੱਲ ਵਾਸਤੇ ਸਰਕਾਰੀ ਸਹਿਯੋਗ, ਲੋੜੀਂਦੇ ਸਰੋਤਾਂ ਅਤੇ ਸਾਂਝੇ ਯਤਨਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀ ਵਧਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਵੀ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਪਸ਼ੂਆਂ ਦੀ ਸਿਹਤ ਦੀ ਜਾਂਚ, ਬਿਮਾਰ ਜਾਂ ਜ਼ਖ਼ਮੀ ਪਸ਼ੂਆਂ ਦਾ ਇਲਾਜ ਅਤੇ ਪਸ਼ੂ-ਭਲਾਈ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਇਸ ਸਮੱਸਿਆ ਦੇ ਹੱਲ ਦਾ ਅਹਿਮ ਹਿੱਸਾ ਹੈ। ਫ਼ਸਲਾਂ ਦੀ ਰਾਖੀ ਲਈ ਕਿਸਾਨਾਂ ਨੂੰ ਕੱਟਣੀਆਂ ਪੈ ਰਹੀਆਂ ਰਾਤਾਂ ਲਾਵਾਰਿਸ ਪਸ਼ੂਆਂ ਤੋਂ ਸਿਰਫ਼ ਸ਼ਹਿਰੀ ਲੋਕ ਹੀ ਪ੍ਰੇਸ਼ਾਨ ਨਹੀਂ, ਸਗੋਂ ਪੇਂਡੂ ਖੇਤਰਾਂ ਦੇ ਕਿਸਾਨਾਂ ਲਈ ਵੀ ਇਹ ਵੱਡੀ ਮੁਸੀਬਤ ਬਣੇ ਹੋਏ ਹਨ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਚਾਉਣ ਲਈ ਦਿਨ-ਰਾਤ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ। ਕਈ ਕਿਸਾਨ ਆਪਣੇ ਖੇਤਾਂ ਦੇ ਆਲੇ-ਦੁਆਲੇ ਤਾਰਬੰਦੀ ਕਰਵਾਉਣ ’ਤੇ ਭਾਰੀ ਖ਼ਰਚ ਕਰਦੇ ਹਨ ਪਰ ਇਸ ਦੇ ਬਾਵਜੂਦ ਪਸ਼ੂ ਕਈ ਵਾਰ ਖੇਤਾਂ ਵਿੱਚ ਦਾਖ਼ਲ ਹੋ ਕੇ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਤੇ ਕੜਾਕੇ ਦੀ ਠੰਢ |ਚ ਵੀ ਉਨ੍ਹਾਂ ਨੂੰ ਰਾਤਾਂ ਖੇਤਾਂ ਵਿੱਚ ਜਾਗ ਕੇ ਗੁਜ਼ਾਰਨੀਆਂ ਪੈਂਦੀਆਂ ਹਨ। ਬੱਚਿਆਂ, ਬਜ਼ੁਰਗਾਂ ਤੇ ਰਾਹਗੀਰਾਂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਪਿੰਡਾਂ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਪਸ਼ੂਆਂ ਦੇ ਝੁੰਡ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਵੀ ਖ਼ਤਰਾ ਬਣ ਸਕਦੇ ਹਨ। ਕਈ ਵਾਰ ਆਪਸ ਵਿੱਚ ਭਿੜਦੇ ਪਸ਼ੂ ਬੇਕਾਬੂ ਹੋ ਕੇ ਰਾਹਗੀਰਾਂ ਵੱਲ ਵਧ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਪਿੱਛੇ ਹਟਣਾ ਪੈਂਦਾ ਹੈ। ਸਬਜ਼ੀ ਮੰਡੀ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਇਨ੍ਹਾਂ ਦੀ ਮੌਜੂਦਗੀ ਆਵਾਜਾਈ ਵਿੱਚ ਵੀ ਵਿਘਨ ਪਾਉਂਦੀ ਹੈ। ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਠੋਸ ਅਤੇ ਲੰਮੇ ਸਮੇਂ ਲਈ ਕਾਰਗਰ ਯੋਜਨਾ ਬਣਾਈ ਜਾਵੇ। ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਸਾਂਝੀ ਪਹਿਲਕਦਮੀ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ।