ਕੂੜੇ ਦੇ ਢੇਰਾਂ ’ਤੇ ਸੱਚਰ ਨੇ ਜਤਾਈ ਚਿੰਤਾ, 72 ਘੰਟਿਆਂ ਦੀ ਸਫ਼ਾਈ ਮੁਹਿੰਮ ਦੀ ਮੰਗ ਫ਼ਰੀਦਕੋਟ ’ਚ ਕੂੜੇ ਦੇ ਢੇਰਾਂ ’ਤੇ ਅਰਸ਼ ਸੱਚਰ ਨੇ ਜਤਾਈ ਚਿੰਤਾ, 72 ਘੰਟਿਆਂ ਦੀ ਸਫ਼ਾਈ ਮੁਹਿੰਮ ਦੀ ਮੰਗ
Publish Date: Tue, 27 Oct 2026 03:34 PM (IST)
Updated Date: Wed, 28 Oct 2026 04:01 AM (IST)
ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਫ਼ਾਈ ਪ੍ਰਬੰਧਾਂ ਦੀ ਜਾਂਚ, ਜਵਾਬਦੇਹੀ ਤੈਅ ਕਰਨ ਤੇ ਸਥਾਈ ਹੱਲ ਦੀ ਕੀਤੀ ਅਪੀਲ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਇਤਿਹਾਸਕ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰਾਂ ਤੇ ਸਫ਼ਾਈ ਪ੍ਰਬੰਧਾਂ ਦੀਆਂ ਕਮੀਆਂ ਦਾ ਮਾਮਲਾ ਉਠਾਉਂਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਈ ਤੁਰੰਤ ਦਖ਼ਲ ਦੇਣ, 72 ਘੰਟਿਆਂ ਦੀ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਅਤੇ ਪ੍ਰਬੰਧਾਂ ਦੀ ਸਮੀਖਿਆ ਕਰਵਾਉਣ ਦੀ ਅਪੀਲ ਕੀਤੀ ਹੈ। ਸੱਚਰ ਨੇ ਕਿਹਾ ਕਿ ਫ਼ਰੀਦਕੋਟ ਦੀ ਇਤਿਹਾਸਕ ਪਛਾਣ ਨੂੰ ਕਾਇਮ ਰੱਖਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਵਾਤਾਵਰਣ ਮੁਹੱਈਆ ਕਰਵਾਉਣਾ ਵੀ ਜ਼ਰੂਰੀ ਹੈ। ਕੂੜਾ ਇਕੱਠਾ ਰਹਿਣ ਨਾਲ ਬਦਬੂ ਅਤੇ ਮੱਖੀਆਂ-ਮੱਛਰਾਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਜਿਸ ਦਾ ਅਸਰ ਲੋਕਾਂ ਦੀ ਸਿਹਤ ’ਤੇ ਪੈਣ ਦਾ ਖ਼ਦਸ਼ਾ ਰਹਿੰਦਾ ਹੈ। ਇਸ ਲਈ ਪ੍ਰਭਾਵਿਤ ਥਾਵਾਂ ਦੀ ਪਛਾਣ ਕਰਕੇ ਤੁਰੰਤ ਸਫ਼ਾਈ ਕਰਵਾਉਣ ਦੀ ਲੋੜ ਹੈ। ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਨਿਗਰਾਨੀ ਹੇਠ ਸਫ਼ਾਈ ਪ੍ਰਬੰਧਾਂ ਦੀ ਜਾਂਚ ਕਰਵਾਉਣ ਤੇ 72 ਘੰਟਿਆਂ ਦੀ ਵਿਸ਼ੇਸ਼ ਮੁਹਿੰਮ ਰਾਹੀਂ ਕੂੜੇ ਦੇ ਢੇਰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਵਾਰਡ ਵਿੱਚ ਕੂੜਾ ਇਕੱਠਾ ਕਰਨ ਤੇ ਸਫ਼ਾਈ ਦੀ ਜ਼ਿੰਮੇਵਾਰੀ ਸਪੱਸ਼ਟ ਕੀਤੀ ਜਾਵੇ, ਤਾਂ ਜੋ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹੋਣ ’ਤੇ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ, ਮਸ਼ੀਨਰੀ ਅਤੇ ਕੂੜੇ ਦੇ ਨਿਪਟਾਰੇ ਲਈ ਉਪਲਬਧ ਪ੍ਰਬੰਧਾਂ ਦੀ ਸਮੀਖਿਆ ਕਰਨ ਦੀ ਵੀ ਅਪੀਲ ਕੀਤੀ। ਜਾਂਚ ਦੌਰਾਨ ਕਮੀਆਂ ਜਾਂ ਲਾਪਰਵਾਹੀ ਸਾਹਮਣੇ ਆਉਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਸੱਤ ਦਿਨਾਂ ਦੇ ਅੰਦਰ ਕੀਤੇ ਗਏ ਉਪਰਾਲਿਆਂ ਦੀ ਲਿਖਤੀ ਰਿਪੋਰਟ ਤਿਆਰ ਕਰਨ ਦੀ ਮੰਗ ਵੀ ਪੱਤਰ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਸਫ਼ਾਈ ਲਈ ਲੰਬੇ ਸਮੇਂ ਦੀ ਕਾਰਜਯੋਜਨਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਅਧਿਕਾਰੀ ਦੀ ਬੇਲੋੜੀ ਆਲੋਚਨਾ ਕਰਨਾ ਨਹੀਂ, ਸਗੋਂ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾਉਣਾ ਹੈ। ਉਨ੍ਹਾਂ ਮੁਤਾਬਕ ਸਥਾਈ ਸਫ਼ਾਈ ਪ੍ਰਬੰਧਾਂ ਲਈ ਪ੍ਰਸ਼ਾਸਨ, ਨਗਰ ਕੌਂਸਲ, ਸਫ਼ਾਈ ਕਰਮਚਾਰੀਆਂ, ਵਪਾਰੀਆਂ ਅਤੇ ਸ਼ਹਿਰ ਵਾਸੀਆਂ ਵਿਚਕਾਰ ਤਾਲਮੇਲ ਜ਼ਰੂਰੀ ਹੈ। ਸੱਚਰ ਨੇ ਦੱਸਿਆ ਕਿ ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ ਪੰਜਾਬ, ਸਥਾਨਕ ਸਰਕਾਰਾਂ ਵਿਭਾਗ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਦਫ਼ਤਰ ਨੂੰ ਵੀ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਸਾਫ਼-ਸੁਥਰੇ ਫ਼ਰੀਦਕੋਟ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਵੀ ਕਹੀ।