ਬਰਗਾੜੀ ਵਿੱਚ ਦੁਸਹਿਰੇ ਮੌਕੇ ਬਾਵਰੀਆ ਸਮਾਜ ਨੇ ਅਕਾਲੀ ਆਗੂ ਦਾ ਪੁਤਲਾ ਫੂਕਿਆ ਬਰਗਾੜੀ ਵਿੱਚ ਦੁਸਹਿਰੇ ਮੌਕੇ ਬਾਵਰੀਆ ਸਮਾਜ ਨੇ ਅਕਾਲੀ ਆਗੂ ਦਾ ਪੁਤਲਾ ਫੂਕਿਆ
Publish Date: Tue, 20 Oct 2026 06:15 PM (IST)
Updated Date: Wed, 21 Oct 2026 04:01 AM (IST)
ਧਰਮਸ਼ਾਲਾ ਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ਾਂ ਨੂੰ ਗੁਰਚੇਤ ਸਿੰਘ ਢਿੱਲੋਂ ਨੇ ਨਕਾਰਿਆ, ਕਿਹਾ-ਪੰਚਾਇਤ ਦੀ ਮਨਜ਼ੂਰੀ ਨਾਲ ਢਾਹੀ ਸੀ ਖਸਤਾ ਇਮਾਰਤ ਬਾਵਰੀਆ ਸਮਾਜ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਨੇ ਕਿਹਾ, ਮਾਮਲੇ ਦਾ ਪ੍ਰਚਾਰ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਵਿਖੇ ਦੁਸਹਿਰੇ ਮੌਕੇ ਬਾਵਰੀਆ ਸਿੱਖ ਸਮਾਜ ਦੇ ਲੋਕਾਂ ਵੱਲੋਂ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਈਚਾਰੇ ਦੇ ਨੁਮਾਇੰਦਿਆਂ ਨੇ ਧਰਮਸ਼ਾਲਾ ਲਈ ਦਿੱਤੀ ਗਈ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ। ਬਾਵਰੀਆ ਸਮਾਜ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਗਰੀਬ ਭਾਈਚਾਰੇ ਨੂੰ ਵੋਟਾਂ ਵੇਲੇ ਧਰਮਸ਼ਾਲਾ ਲਈ ਜਗ੍ਹਾ ਦੇ ਕੇ ਬਾਅਦ ਵਿੱਚ ਖੋਹ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪੂਰੇ ਪੰਜਾਬ ਵਿੱਚ ਬਾਵਰੀਆ ਸਮਾਜ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਭਾਈਚਾਰੇ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ। ਭਾਈਚਾਰੇ ਦੇ ਨੁਮਾਇੰਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 1997 ਵਿੱਚ ਬਾਵਰੀਆ ਸਮਾਜ ਨੂੰ ਧਰਮਸ਼ਾਲਾ ਬਣਾਉਣ ਲਈ ਜ਼ਮੀਨ ਦਿੱਤੀ ਗਈ ਸੀ। ਉਨ੍ਹਾਂ ਅਨੁਸਾਰ, ਸਾਲ 2005 ਵਿੱਚ ਸੁਖਬੀਰ ਸਿੰਘ ਬਾਦਲ ਨੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਸੀ। ਇਸ ਇਮਾਰਤ ਵਿੱਚ ਭਾਈਚਾਰੇ ਦੇ ਸਮਾਜਿਕ ਸਮਾਗਮ ਹੁੰਦੇ ਰਹੇ ਅਤੇ ਆਂਗਣਵਾੜੀ ਕੇਂਦਰ ਵੀ ਚੱਲਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਪੁਰਾਣੀ ਇਮਾਰਤ ਢਾਹੁਣ ਤੋਂ ਬਾਅਦ ਸਬੰਧਤ ਜ਼ਮੀਨ ’ਤੇ ਕਬਜ਼ਾ ਕਰ ਲਿਆ ਗਿਆ। ਦੂਜੇ ਪਾਸੇ, ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਬੱਗਾ ਸਿੰਘ ਨੇ 1996-97 ਦੌਰਾਨ ਬਾਵਰੀਆ ਸਿੱਖ ਭਾਈਚਾਰੇ ਦੇ ਕੁਝ ਮੋਹਤਵਰ ਵਿਅਕਤੀਆਂ ਦੀ ਬੇਨਤੀ ’ਤੇ ਪੰਜ ਮਰਲੇ ਜ਼ਮੀਨ ਆਰਜ਼ੀ ਤੌਰ ’ਤੇ ਵਰਤਣ ਲਈ ਦਿੱਤੀ ਸੀ। ਉਨ੍ਹਾਂ ਮੁਤਾਬਕ, ਪੰਚਾਇਤ ਵੱਲੋਂ ਇਸ ਜਗ੍ਹਾ ’ਤੇ ਧਰਮਸ਼ਾਲਾ ਬਣਾਈ ਗਈ ਸੀ। ਢਿੱਲੋਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦੇ ਚੌੜਾ ਹੋਣ ਕਾਰਨ ਭਾਈਚਾਰੇ ਦੇ ਲੋਕਾਂ ਨੂੰ ਪੁਰਾਣੀ ਧਰਮਸ਼ਾਲਾ ਤੱਕ ਪਹੁੰਚਣ ਵਿੱਚ ਮੁਸ਼ਕਲ ਆਉਣ ਲੱਗੀ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਾਲ 2015 ਵਿੱਚ ਤਤਕਾਲੀ ਸਰਪੰਚ ਸੁਖਦੇਵ ਸਿੰਘ ਦੇ ਸਮੇਂ ਸਰਕਾਰ ਤੋਂ ਕਰੀਬ 20 ਤੋਂ 22 ਲੱਖ ਰੁਪਏ ਦੀ ਗਰਾਂਟ ਲਿਆ ਕੇ ਭਾਈਚਾਰੇ ਦੇ ਘਰਾਂ ਨੇੜੇ ਪਹਿਲਾਂ ਨਾਲੋਂ ਚਾਰ ਗੁਣਾ ਵੱਡੀ ਇਮਾਰਤ ਬਣਾਈ ਗਈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ ਆਂਗਣਵਾੜੀ ਕੇਂਦਰ ਚੱਲਣ ਦੇ ਨਾਲ ਸਮਾਜਿਕ ਸਮਾਗਮ ਵੀ ਹੁੰਦੇ ਹਨ। ਅਕਾਲੀ ਆਗੂ ਅਨੁਸਾਰ, ਪੁਰਾਣੀ ਇਮਾਰਤ ਕਰੀਬ ਦਸ ਸਾਲ ਵਰਤੋਂ ਵਿੱਚ ਨਹੀਂ ਰਹੀ ਅਤੇ ਖਸਤਾ ਹਾਲਤ ਕਾਰਨ ਇਸ ਦੀਆਂ ਛੱਤਾਂ ਡਿੱਗਣ ਲੱਗ ਪਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਚਾਇਤ ਨੇ ਮਤਾ ਪਾਸ ਕਰਕੇ ਸਬੰਧਤ ਵਿਭਾਗ ਤੋਂ ਮਨਜ਼ੂਰੀ ਲਈ ਸੀ ਅਤੇ ਅਧਿਕਾਰੀਆਂ ਦੇ ਨਿਰੀਖਣ ਤੋਂ ਬਾਅਦ ਇਮਾਰਤ ਨੂੰ ਢਾਹੁਣ ਯੋਗ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਮਾਰਤ ਢਾਹੁਣ ਦਾ ਮਕਸਦ ਕਬਜ਼ਾ ਕਰਨਾ ਨਹੀਂ ਸੀ ਅਤੇ ਜ਼ਮੀਨ ਦੀ ਮਾਲਕੀ ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਗੁਰਮੀਤ ਸਿੰਘ ਦੇ ਨਾਂ ਹੈ। ਢਿੱਲੋਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਬਾਵਰੀਆ ਸਿੱਖ ਭਾਈਚਾਰੇ ਦੀਆਂ ਹੋਰ ਧਰਮਸ਼ਾਲਾਵਾਂ ਦੇ ਨਿਰਮਾਣ ਅਤੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਪੁਤਲਾ ਫੂਕਣ ਵਾਲਿਆਂ ਨੂੰ ਆਪਣੇ ਪਿੰਡ ਦੇ ਵਸਨੀਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ’ਤੇ ਕੋਈ ਇਤਰਾਜ਼ ਨਹੀਂ ਹੈ। ਧਰਮਸ਼ਾਲਾ ਦੀ ਜ਼ਮੀਨ ਦੀ ਮਾਲਕੀ, ਪੁਰਾਣੀ ਇਮਾਰਤ ਢਾਹੁਣ ਦੀ ਪ੍ਰਕਿਰਿਆ ਅਤੇ ਪੰਚਾਇਤ ਦੇ ਮਤੇ ਸਬੰਧੀ ਦੋਵਾਂ ਧਿਰਾਂ ਦੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਹੋਣੀ ਬਾਕੀ ਹੈ।