ਹਾਈਬ੍ਰਿਡ ਝੋਨੇ ’ਤੇ ਕਾਟ ਦੇ ਵਿਰੋਧ ’ਚ ਐੱਸਕੇਐੱਮ ਵੱਲੋਂ ਸੰਘਰਸ਼ ਦਾ ਐਲਾਨ ਹਾਈਬ੍ਰਿਡ ਝੋਨੇ ’ਤੇ ਕਾਟ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ
Publish Date: Tue, 13 Oct 2026 05:53 PM (IST)
Updated Date: Wed, 14 Oct 2026 04:06 AM (IST)
ਸ਼ੈਲਰ ਮਾਲਕਾਂ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਕਾਟ ਮੰਗਣ ਦਾ ਦੋਸ਼ ; ਮਸਲਾ ਹੱਲ ਨਾ ਹੋਣ ’ਤੇ ਸੜਕਾਂ ਜਾਮ ਕਰਨ ਦੀ ਚਿਤਾਵਨੀ ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਹਾਈਬ੍ਰਿਡ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਤੋਂ ਕਥਿਤ ਤੌਰ ’ਤੇ 100 ਰੁਪਏ ਪ੍ਰਤੀ ਕੁਇੰਟਲ ਕਾਟ ਮੰਗੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਮਾਰਕੀਟ ਕਮੇਟੀ ਸਾਦਿਕ ਦੇ ਦਫ਼ਤਰ ਵਿਖੇ ਇਕੱਠੇ ਹੋਏ ਤੇ ਝੋਨੇ ਦੀ ਨਿਰਵਿਘਨ ਖਰੀਦ ਤੇ ਬਿਨਾਂ ਕਿਸੇ ਕਾਟ ਤੋਂ ਫ਼ਸਲ ਦੀ ਚੁਕਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ। ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਰਾਜਾ ਕਿੰਗਰਾ ਨੇ ਕਿਹਾ ਕਿ ਖਰੀਦ ਇੰਸਪੈਕਟਰਾਂ ਵੱਲੋਂ ਝੋਨੇ ਦੀ ਬੋਲੀ ਲਗਾਈ ਜਾ ਰਹੀ ਹੈ, ਪਰ ਸ਼ੈਲਰ ਮਾਲਕਾਂ ਵੱਲੋਂ ਹਾਈਬ੍ਰਿਡ ਝੋਨੇ ’ਤੇ ਕਾਟ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆੜ੍ਹਤੀਆਂ ਨੂੰ ਵੀ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਰਜਿੰਦਰ ਸਿੰਘ ਰਾਜਾ ਕਿੰਗਰਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਆੜ੍ਹਤੀਆਂ ਦੇ ਨਾਲ ਖੜ੍ਹੇ ਰਹੇ ਹਨ, ਪਰ ਜੇਕਰ ਆੜ੍ਹਤੀ ਵੀ ਸ਼ੈਲਰ ਮਾਲਕਾਂ ਨਾਲ ਮਿਲ ਕੇ ਕਿਸਾਨਾਂ ਦੀ ਕਥਿਤ ਲੁੱਟ ਵਿੱਚ ਸਾਥ ਦਿੰਦੇ ਹਨ ਤਾਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਵਿਰੋਧ ਵਿੱਚ ਵੀ ਸੰਘਰਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਪਹਿਲਾਂ ਹੋਈ ਮੀਟਿੰਗ ਦੌਰਾਨ ਵੀ ਮਾਰਕੀਟ ਕਮੇਟੀ ਦੀ ਚੇਅਰਪਰਸਨ ਨੂੰ ਜਾਣੂ ਕਰਵਾਇਆ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਮਾਲਵਾ ਏਕਤਾ ਦੇ ਸੂਬਾ ਮੀਤ ਪ੍ਰਧਾਨ ਬਖਤੌਰ ਸਿੰਘ ਸਾਦਿਕ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸਾਧੂਵਾਲਾ ਨੇ ਕਿਹਾ ਕਿ ਜਥੇਬੰਦੀਆਂ ਨੇ ਚੇਅਰਪਰਸਨ ਨਾਲ ਮੀਟਿੰਗ ਦੌਰਾਨ ਹਾਈਬ੍ਰਿਡ ਝੋਨੇ ’ਤੇ ਕਾਟ ਲਗਾਏ ਜਾਣ ਦੀ ਸੰਭਾਵਨਾ ਸਬੰਧੀ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼ੈਲਰ ਮਾਲਕਾਂ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਤੋਂ 100 ਰੁਪਏ ਪ੍ਰਤੀ ਕੁਇੰਟਲ ਕਾਟ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਅਜਿਹੀ ਕੋਈ ਵੀ ਕਾਟ ਦੇਣ ਲਈ ਤਿਆਰ ਨਹੀਂ ਹਨ। ਕਿਸਾਨ ਆਗੂਆਂ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਸ਼ੈਲਰ ਮਾਲਕ ਹਾਈਬ੍ਰਿਡ ਝੋਨੇ ਦੀ ਚੁਕਾਈ ਨਹੀਂ ਕਰਦੇ ਤਾਂ ਹੋਰ ਝੋਨੇ ਦੀ ਚੁਕਾਈ ਵੀ ਰੋਕੀ ਜਾਵੇ, ਤਾਂ ਜੋ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਿਕਲ ਸਕੇ। ਉਨ੍ਹਾਂ ਮੰਗ ਕੀਤੀ ਕਿ ਨੋਡਲ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਬਿਨਾਂ ਕਿਸੇ ਸ਼ਰਤ ਜਾਂ ਕਾਟ ਦੇ ਮੰਡੀਆਂ ਵਿੱਚ ਪਏ ਸਾਰੇ ਝੋਨੇ ਦੀ ਚੁਕਾਈ ਯਕੀਨੀ ਬਣਾਉਣ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਸੰਗਰਾਹੂਰ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਹਾਈਬ੍ਰਿਡ ਝੋਨਾ ਮੰਡੀ ਵਿੱਚ ਲਿਆਂਦਾ ਹੈ ਅਤੇ ਉਨ੍ਹਾਂ ਤੋਂ ਵੀ 100 ਰੁਪਏ ਪ੍ਰਤੀ ਕੁਇੰਟਲ ਕਾਟ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਅਜਿਹੀ ਕਾਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਦੁਹਰਾਇਆ ਕਿ ਕਿਸਾਨਾਂ ਦੀ ਫ਼ਸਲ ਦੀ ਖਰੀਦ ਅਤੇ ਚੁਕਾਈ ਬਿਨਾਂ ਕਿਸੇ ਕਾਟ ਤੋਂ ਕਰਵਾਉਣ ਲਈ ਪ੍ਰਸ਼ਾਸਨ ਤੁਰੰਤ ਦਖ਼ਲ ਦੇਵੇ। ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਸੜਕਾਂ ’ਤੇ ਉਤਰ ਕੇ ਸੰਘਰਸ਼ ਤੇਜ਼ ਕਰਨਗੀਆਂ। ਇਸ ਮੌਕੇ ਕਲਦੀਪ ਸਿੰਘ ਘੁੱਦੂਵਾਲਾ, ਗੁਰਮੀਤ ਸਿੰਘ ਵੀਰੇਵਾਲਾ, ਨਿਰਭੈ ਸਿੰਘ ਗੁੱਜਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਮੁਮਾਰਾ, ਵਜ਼ੀਰ ਸਿੰਘ ਡੋਡ, ਅੰਗਰੇਜ਼ ਸਿੰਘ ਘੁੱਦੂਵਾਲਾ, ਗੁਰਸੇਵਕ ਸਿੰਘ ਕਾਉਣੀ, ਗੁਰਦੀਪ ਸਿੰਘ ਜਨੇਰੀਆਂ, ਬਲੌਰ ਸਿੰਘ ਸਾਦਿਕ, ਕਰਮਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਸਾਦਿਕ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।