ਭਾਜਪਾ ਕੋਟਕਪੂਰਾ ਮੰਡਲ-2 ਦੀ ਨਵੀਂ ਟੀਮ ਦਾ ਗਠਨ, ਭਾਈ ਰਾਹੁਲ ਸਿੱਧੂ ਨੇ ਵਨੀਤ ਮਿੱਤਲ ਨੂੰ ਦਿੱਤੀ ਵਧਾਈ ਭਾਜਪਾ ਕੋਟਕਪੂਰਾ ਮੰਡਲ-2 ਦੀ ਨਵੀਂ ਟੀਮ ਦਾ ਗਠਨ, ਭਾਈ ਰਾਹੁਲ ਸਿੱਧੂ ਨੇ ਵਨੀਤ ਮਿੱਤਲ ਨੂੰ ਦਿੱਤੀ ਵਧਾਈ
Publish Date: Tue, 06 Oct 2026 05:14 PM (IST)
Updated Date: Wed, 07 Oct 2026 04:05 AM (IST)
‘ਨਸ਼ਾ ਨਹੀਂ, ਰੋਜ਼ਗਾਰ ਦਿਓ ਮੁਹਿੰਮ’ ਨੂੰ ਹਰ ਪਿੰਡ ਤੇ ਵਾਰਡ ਤੱਕ ਪਹੁੰਚਾਉਣ ਦਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ ਮੰਡਲ-2 ਦੇ ਨਵ-ਨਿਯੁਕਤ ਪ੍ਰਧਾਨ ਵਨੀਤ ਮਿੱਤਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਵੱਲੋਂ ਮੰਡਲ-2 ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਭਾਈ ਰਾਹੁਲ ਸਿੱਧੂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਵਿੱਚ ਵਰਕਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਨਵੀਂ ਟੀਮ ਦੇ ਗਠਨ ਨਾਲ ਕੋਟਕਪੂਰਾ ਵਿੱਚ ਭਾਜਪਾ ਦੀਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਉਮੀਦ ਜਤਾਈ ਕਿ ਵਨੀਤ ਮਿੱਤਲ ਦੀ ਅਗਵਾਈ ਹੇਠ ਸਮੁੱਚੀ ਟੀਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰੇਗੀ। ਪੰਜਾਬ ਦੇ ਨੌਜਵਾਨਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਭਾਈ ਰਾਹੁਲ ਸਿੱਧੂ ਨੇ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਨਮਾਨਜਨਕ ਰੋਜ਼ਗਾਰ ਮਿਲੇਗਾ ਤਾਂ ਉਹ ਆਪਣੇ ਪਰਿਵਾਰਾਂ ਅਤੇ ਸਮਾਜ ਦੀ ਤਰੱਕੀ ਵਿੱਚ ਵਧੇਰੇ ਯੋਗਦਾਨ ਪਾ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਉਦੇਸ਼ ਸਿਰਫ਼ ਸਿਆਸੀ ਸਰਗਰਮੀਆਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਬੇਰੋਜ਼ਗਾਰ ਨੌਜਵਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਵੀ ਯਤਨ ਕੀਤੇ ਜਾਣਗੇ। ਇਸ ਦੌਰਾਨ ਭਾਈ ਰਾਹੁਲ ਸਿੱਧੂ ਨੇ ਆਪਣੇ ਦਫ਼ਤਰ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਾ ਨਹੀਂ, ਰੋਜ਼ਗਾਰ ਦਿਓ ਮੁਹਿੰਮ’ ਦਾ ਜ਼ਿਕਰ ਕਰਦਿਆਂ ਨਵ-ਨਿਯੁਕਤ ਪ੍ਰਧਾਨ ਵਨੀਤ ਮਿੱਤਲ ਅਤੇ ਸਮੁੱਚੀ ਟੀਮ ਨੂੰ ਇਸ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਹਰ ਪਿੰਡ ਅਤੇ ਵਾਰਡ ਤੱਕ ਪਹੁੰਚਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਸਰੋਤਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਗੋਲਾ, ਸੁਖਵਿੰਦਰ ਸਿੰਘ ਗਿੱਲ, ਅਸ਼ਵਨੀ ਕੁਮਾਰ, ਬੂਟਾ ਕੋਟ ਸੁੱਖੀਆ, ਦਫ਼ਤਰ ਇੰਚਾਰਜ ਪਵਨ ਕੁਮਾਰ, ਗਗਨਦੀਪ ਸਿੰਘ, ਹਰੀ ਚੰਦ ਸਿੰਘ, ਨੀਟਾ ਸ਼ਰਮਾ, ਧੀਰਜ ਕੁਮਾਰ, ਕੁਲਦੀਪ ਚੋਚੀ, ਡੰਮਰੁ ਪੰਡਿਤ, ਰਮੇਸ਼ ਮਿੱਤਲ ਅਤੇ ਲੱਕੀ ਤੋਂ ਇਲਾਵਾ ਮੰਡਲ-2 ਦੇ ਨਵ-ਨਿਯੁਕਤ ਅਹੁਦੇਦਾਰ ਅਤੇ ਸਥਾਨਕ ਪਤਵੰਤੇ ਹਾਜ਼ਰ ਸਨ।