ਪੰਜਾਬ ਪੈਨਸ਼ਨਰਜ਼ ਐਸੋ. ਦੀ ਮੀਟਿੰਗ, ਅਹਿਮ ਮਸਲਿਆਂ ’ਤੇ ਚਰਚਾ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪੈਨਸ਼ਨਰਾਂ ਦੇ ਮਸਲਿਆਂ ’ਤੇ ਚਰਚਾ
Publish Date: Tue, 06 Oct 2026 04:56 PM (IST)
Updated Date: Wed, 07 Oct 2026 04:05 AM (IST)
ਬਕਾਇਆ ਡੀਏ ਜਾਰੀ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ, 10 ਦੀ ਸੰਗਰੂਰ ਰੈਲੀ ’ਚ ਸ਼ਮੂਲੀਅਤ ਦਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਵਿਖੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ’ਤੇ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਬਰਾੜ ਨੇ ਸਤੰਬਰ ਮਹੀਨੇ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਰਿਹਾਇਸ਼ ਅੱਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਬਲਾਕ ਜੈਤੋ ਦੇ 30 ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਸੀ। ਬੁਲਾਰਿਆਂ ਨੇ ਦੱਸਿਆ ਕਿ ਤਾਲਮੇਲ ਕਮੇਟੀ ਅਤੇ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ 18 ਫ਼ੀਸਦੀ ਡੀਏ ਵਿੱਚੋਂ ਸਿਰਫ਼ 8 ਫ਼ੀਸਦੀ ਡੀਏ ਦੇਣ ਦਾ ਐਲਾਨ ਕੀਤਾ ਗਿਆ, ਜਦਕਿ ਬਾਕੀ ਡੀਏ ਦੇ ਬਕਾਏ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਹੋਰ ਮੰਗਾਂ ਬਾਰੇ ਅਕਤੂਬਰ ਮਹੀਨੇ ਵਿੱਚ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਸ ’ਤੇ ਪੈਨਸ਼ਨਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਹੈ। ਮੀਟਿੰਗ ਦੌਰਾਨ ਸਮੂਹ ਪੈਨਸ਼ਨਰਾਂ ਨੂੰ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂਰੈਲੀ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸਬੰਧੀ ਪੈਨਸ਼ਨਰਾਂ ਨੂੰ ਆਪਣੇ ਨਾਮ ਪ੍ਰਧਾਨ ਗੁਰਦੀਪ ਸਿੰਘ ਕੋਲ ਦਰਜ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਸੁਰਿੰਦਰ ਪਾਲ ਝੱਖੜਵਾਲਾ, ਗੁਰਦੀਪ ਸਿੰਘ, ਡਾਕਟਰ ਹੇਮ ਰਾਜ ਚੋਪੜਾ, ਜਸਵੰਤ ਸਿੰਘ ਝੱਖੜਵਾਲਾ ਅਤੇ ਬਲਤੇਜ ਕੁਮਾਰ ਗੋਇਲ ਦੇ ਜਨਮ ਦਿਨ ਮਨਾਏ ਗਏ। ਇਸ ਤੋਂ ਇਲਾਵਾ ਰਾਮ ਲਾਲ, ਨਰੇਸ਼ ਕੁਮਾਰ ਜੈਤੋ ਅਤੇ ਸ਼ੰਕਰ ਰਾਮ ਦੇ ਨਵੇਂ ਮੈਂਬਰਾਂ ਵਜੋਂ ਸ਼ਾਮਲ ਹੋਣ ’ਤੇ ਵਧਾਈ ਦਿੱਤੀ ਗਈ। ਮੀਟਿੰਗ ਦੌਰਾਨ ਹਰੀ ਪ੍ਰਕਾਸ਼ ਬਰਗਾੜੀ, ਸੁਜਾਨ ਕੌਰ ਅਤੇ ਮਾਸਟਰ ਜਗਤਾਰ ਸਿੰਘ ਦਬੜ੍ਹੀਖਾਨਾ ਨਾਲ ਸਬੰਧਤ ਪਰਿਵਾਰਾਂ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬਾਬਾ ਵੀਰ ਸਿੰਘ, ਮੇਲਾ ਰਾਮ ਗੋਇਲ, ਜਗਦੀਸ਼ ਰਾਏ ਅਰੋੜਾ, ਸੁਰਿੰਦਰ ਪਾਲ ਲੂੰਬਾ, ਸੂਬਾ ਸਿੰਘ ਰਾਮੇਆਣਾ, ਚਰਨਜੀਤ ਸਿੰਘ ਬਰਾੜ, ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਅਤੇ ਮੁਖਤਿਆਰ ਸਿੰਘ ਬਿਸ਼ਨੰਦੀ ਸਮੇਤ ਹੋਰ ਪੈਨਸ਼ਨਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਗੁਰਦੀਪ ਸਿੰਘ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ।