ਪੈਰਾ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਦਮ ਪੈਰਾ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਦਮਖਮ, 800 ਦੇ ਕਰੀਬ ਖਿਡਾਰੀਆਂ ਨੇ ਲਿਆ ਹਿੱਸਾ
Publish Date: Sun, 29 Nov 2026 03:57 PM (IST)
Updated Date: Sun, 29 Nov 2026 03:59 PM (IST)
ਕੁਲਦੀਪ ਸਿੰਘ ਸੰਧੂ ਨੇ 163 ਕਿੱਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਮਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਵਿੱਚ ਪੈਰਾ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਮੰਚ ਦੇਣ ਅਤੇ ਉਨ੍ਹਾਂ ਦੇ ਹੌਸਲੇ ਨੂੰ ਨਵੀਂ ਉਡਾਣ ਦੇਣ ਦੇ ਉਦੇਸ਼ ਨਾਲ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਪੈਰਾ ਖੇਡਾਂ ਯਾਦਗਾਰੀ ਪਲਾਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਸਮਾਪਤ ਹੋ ਗਈਆਂ। 25 ਤੋਂ 28 ਨਵੰਬਰ ਤੱਕ ਲੁਧਿਆਣਾ ਦੇ ਖੇਡ ਸਟੇਡੀਅਮ ਵਿਖੇ ਹੋਏ ਇਸ ਚਾਰ ਰੋਜ਼ਾ ਖੇਡ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਲਗਭਗ 800 ਪੈਰਾ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਪੈਰਾ ਐਥਲੈਟਿਕਸ, ਪੈਰਾ ਬੈਡਮਿੰਟਨ, ਪੈਰਾ ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ। ਸਮਾਪਤੀ ਵਾਲੇ ਦਿਨ ਵੀ ਖਿਡਾਰੀਆਂ ਵਿੱਚ ਜਿੱਤ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਨਕਦ ਇਨਾਮ ਵੀ ਪ੍ਰਦਾਨ ਕੀਤੇ ਗਏ। ਇਨ੍ਹਾਂ ਖੇਡਾਂ ਦਾ ਖਾਸ ਆਕਰਸ਼ਣ ਪੈਰਾ ਪਾਵਰਲਿਫਟਿੰਗ ਵਿੱਚ ਜੈਤੋ ਦੇ ਖਿਡਾਰੀ ਕੁਲਦੀਪ ਸਿੰਘ ਸੰਧੂ ਸੀਪਾ ਦਾ ਪ੍ਰਦਰਸ਼ਨ ਰਿਹਾ। ਉਸ ਨੇ 63 ਕਿਲੋਗ੍ਰਾਮ ਭਾਰ ਵਰਗ ਵਿੱਚ 163 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸੇ ਮੁਕਾਬਲੇ ਵਿੱਚ ਬਠਿੰਡਾ ਦੇ ਜਤਿੰਦਰ ਸਿੰਘ ਨੇ ਵੀ ਆਪਣੇ ਭਾਰ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ। ਵ੍ਹੀਲਚੇਅਰ ਬਾਸਕਟਬਾਲ ਦੇ ਮੁਕਾਬਲੇ ਵਿੱਚ ਮੁਹਾਲੀ ਦੀ ਟੀਮ ਨੇ ਪਹਿਲਾ ਅਤੇ ਫਰੀਦਕੋਟ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਆਗੂ ਸ਼ਮਿੰਦਰ ਸਿੰਘ ਢਿੱਲੋਂ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੂਜੀ ਵਾਰ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਵਿੱਚ ਪੈਰਾ ਖੇਡਾਂ ਪ੍ਰਤੀ ਰੁਚੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਖੇਡਾਂ ਨੇ ਦਿਵਿਆਂਗ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਸੂਬਾ ਪੱਧਰ ’ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਵੀ ਦਿੱਤਾ। ਖੇਡਾਂ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਮਨਦੀਪ ਕੌਸ਼ਲ ਅਤੇ ਖੇਡ ਵਿਭਾਗ ਦੀ ਟੀਮ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਨਿਯੁਕਤ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਨੇ ਕਨਵੀਨਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਪੰਜਾਬ ਦੇ ਅੰਤਰਰਾਸ਼ਟਰੀ ਪੈਰਾ ਖਿਡਾਰੀਆਂ ਪਰਮਜੀਤ ਕੁਮਾਰ ਅਤੇ ਮਨਪ੍ਰੀਤ ਕੌਰ ਤੋਂ ਇਲਾਵਾ ਕੋਚ ਸੰਜੀਵ ਸ਼ਰਮਾ, ਕੋਚ ਪਰਮਿੰਦਰ ਸਿੰਘ ਅਤੇ ਏਸ਼ੀਅਨ ਪੈਰਾ ਖੇਡਾਂ ਦੇ ਤਮਗਾ ਜੇਤੂ ਸ਼ੁਭਮ ਕੁਮਾਰ ਤੇ ਮੁਹੰਮਦ ਇਆਸਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਨ੍ਹਾਂ ਖੇਡਾਂ ਨੂੰ ਸਫ਼ਲ ਬਣਾਉਣ ਵਿੱਚ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਦਵਿੰਦਰ ਸਿੰਘ ਟਫੀ ਬਰਾੜ, ਸ਼ਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਸੁੱਖ, ਡਾ. ਨਵਜੋਤ ਸਿੰਘ ਬੱਲ, ਜਸਿੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਬਰਾੜ, ਖੁਸ਼ਪ੍ਰੀਤ ਸਿੰਘ, ਜਸਵਿੰਦਰ ਸਿੰਘ ਕੁਲਾਰ, ਕੁਲਦੀਪ ਸਿੰਘ, ਜਸਵੰਤ ਸਿੰਘ, ਡਾ. ਰਮਨਦੀਪ ਸਿੰਘ, ਕੋਚ ਰਵੀ ਕੁਮਾਰ, ਸਿਮਰਨ ਕੌਰ ਰੰਧਾਵਾ ਅਤੇ ਹਰਦੀਪ ਕੌਰ ਸਮੇਤ ਹੋਰਨਾਂ ਨੇ ਸਹਿਯੋਗ ਦਿੱਤਾ।