ਕਸਾਵਾ ਦੀ ਖੇਤੀ ਸਬੰਧੀ ਜਾਗਰੂਕਤਾ ਕੈਂਪ ਭਲਕੇ : ਰਾਜਦੀਪ ਭਲਕੇ ਜੈਤੋ ਵਿਖੇ ਲੱਗੇਗਾ ਕਸਾਵਾ ਦੀ ਖੇਤੀ ਸਬੰਧੀ ਜਾਗਰੂਕਤਾ ਕੈਂਪ : ਰਾਜਦੀਪ ਰਾਮੇਆਣਾ
Publish Date: Sun, 29 Nov 2026 03:36 PM (IST)
Updated Date: Sun, 29 Nov 2026 03:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਦੇ ਬਦਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਭਲਕੇ 1 ਦਸੰਬਰ ਨੂੰ ਜੈਤੋ ਵਿਖੇ ਕਸਾਵਾ ਦੀ ਖੇਤੀ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਕਸਾਵਾ ਦੀ ਫ਼ਸਲ ਦਾ ਰਸਮੀ ਉਦਘਾਟਨ ਕਰਨਗੇ। ਇਹ ਕੈਂਪ ਸਵੇਰੇ 10 ਵਜੇ ਜੈਤੋ-ਬਰਗਾੜੀ ਰੋਡ ਤੇ ਬੀ.ਬੀ.ਆਈ. ਮਾਸਟਰ ਦੇ ਭੱਠੇ ਨੇੜੇ ਕਿਸਾਨ ਜਸਕਰਨ ਸਿੰਘ ਬਰਾੜ ਦੇ ਖੇਤ ਵਿੱਚ ਲਗਾਇਆ ਜਾਵੇਗਾ। ਇਹ ਪਹਿਲਕਦਮੀ ਰਾਣਾ ਗੁਰਜੀਤ ਸਿੰਘ ਦੀ ਨਵੀਂ ਸੋਚ, ਨਵਾਂ ਪੰਜਾਬ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ। ਸੈਮੀਨਾਰ ਦੌਰਾਨ ਕਿਸਾਨਾਂ ਨੂੰ ਕਸਾਵਾ ਦੀ ਬਿਜਾਈ, ਕਾਸ਼ਤ ਦੇ ਤਰੀਕਿਆਂ, ਫ਼ਸਲ ਦੀ ਸਾਂਭ-ਸੰਭਾਲ ਅਤੇ ਇਸ ਦੇ ਸੰਭਾਵੀ ਆਰਥਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੈਦਾਵਾਰ, ਮੰਡੀਕਰਨ ਅਤੇ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਜੈਤੋ ਦੇ ਸਾਬਕਾ ਪ੍ਰਧਾਨ, ਯੂਥ ਕਾਂਗਰਸ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਰਾਮੇਆਣਾ ਦੇ ਸਰਪੰਚ ਰਾਜਦੀਪ ਸਿੰਘ ਔਲਖ ਨੇ ਦੱਸਿਆ ਕਿ ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਅਤੇ ਖੇਤੀ ਲਾਗਤਾਂ ਵਧਣ ਦੇ ਮੱਦੇਨਜ਼ਰ ਕਿਸਾਨਾਂ ਨੂੰ ਨਵੀਆਂ ਫ਼ਸਲਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਕਸਾਵਾ ਦੀ ਖੇਤੀ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਈ ਇੱਕ ਸੰਭਾਵੀ ਬਦਲ ਸਾਬਤ ਹੋ ਸਕਦੀ ਹੈ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।