- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿਕਟਾਂ ਦੀ ਦੌੜ ਨੇ ਬਦਲੀ ਫ਼ਰੀਦਕੋਟ ਦੀਆਂ ਸੜਕਾਂ ਦੀ ਤਸਵੀਰ,

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਅਜੇ ਕਈ ਮਹੀਨੇ ਬਾਕੀ ਹਨ, ਪਰ ਸਿਆਸੀ ਪਾਰਟੀਆਂ ਵਿਚ ਟਿਕਟਾਂ ਦੀ ਦੌੜ ਨੇ ਹੁਣ ਤੋਂ ਹੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਚੋਣ ਮੈਦਾਨ ਵਿਚ ਉਤਰਨ ਦੀ ਇੱਛਾ ਰੱਖਣ ਵਾਲੇ ਆਗੂਆਂ ਨੇ ਲੋਕਾਂ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਨਾਲ-ਨਾਲ ਪਾਰਟੀ ਹਾਈਕਮਾਂਡ ਤੱਕ ਆਪਣੀ ਸਰਗਰਮੀ ਦਾ ਸੁਨੇਹਾ ਪਹੁੰਚਾਉਣ ਲਈ ਵੱਖ-ਵੱਖ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਸਿਆਸੀ ਮੁਕਾਬਲੇ ਦੀ ਝਲਕ ਹੁਣ ਫ਼ਰੀਦਕੋਟ ਦੀਆਂ ਸੜਕਾਂ ਅਤੇ ਚੌਕਾਂ ’ਤੇ ਵੀ ਸਾਫ਼ ਦਿਖਾਈ ਦੇਣ ਲੱਗੀ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ, ਬਾਜ਼ਾਰਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਆਗੂਆਂ ਦੇ ਵੱਡੇ-ਵੱਡੇ ਫਲੈਕਸ ਬੋਰਡ ਲੱਗਣ ਕਾਰਨ ਜਨਤਕ ਥਾਵਾਂ ਦਾ ਰੂਪ ਹੀ ਬਦਲਦਾ ਨਜ਼ਰ ਆ ਰਿਹਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਇਹ ਫਲੈਕਸ ਸਿਰਫ਼ ਵਧਾਈ ਸੰਦੇਸ਼ਾਂ ਜਾਂ ਸਮਾਗਮਾਂ ਦੀ ਜਾਣਕਾਰੀ ਤੱਕ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਰਾਹੀਂ ਆਗੂ ਆਪਣੀ ਲੋਕਪ੍ਰਿਅਤਾ ਅਤੇ ਸਿਆਸੀ ਸਰਗਰਮੀ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਜਨਮ ਦਿਨ, ਧਾਰਮਿਕ ਸਮਾਗਮਾਂ, ਤਿਉਹਾਰਾਂ ਅਤੇ ਪਾਰਟੀ ਪ੍ਰੋਗਰਾਮਾਂ ਦੇ ਮੌਕੇ ਨੂੰ ਵੀ ਸਿਆਸੀ ਪਛਾਣ ਮਜ਼ਬੂਤ ਕਰਨ ਲਈ ਵਰਤਿਆ ਜਾ ਰਿਹਾ ਹੈ। ਕਈ ਥਾਵਾਂ ’ਤੇ ਇੱਕੋ ਪਾਰਟੀ ਨਾਲ ਸਬੰਧਤ ਵੱਖ-ਵੱਖ ਆਗੂਆਂ ਦੇ ਫਲੈਕਸ ਨਾਲ-ਨਾਲ ਲੱਗੇ ਹੋਏ ਹਨ, ਜਿਸ ਤੋਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੇ ਅੰਦਰੂਨੀ ਮੁਕਾਬਲੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੇ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੋਈ ਲੋਕਾਂ ਦੇ ਨਿੱਜੀ ਸਮਾਗਮਾਂ ਵਿਚ ਸ਼ਮੂਲੀਅਤ ਕਰ ਰਿਹਾ ਹੈ ਅਤੇ ਕੋਈ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਰਾਹੀਂ ਆਪਣੀ ਹਾਜ਼ਰੀ ਲਗਵਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗ ਰਹੇ ਫਲੈਕਸ ਵੀ ਸਿਆਸੀ ਮਾਹੌਲ ਨੂੰ ਚੋਣਾਂ ਤੋਂ ਪਹਿਲਾਂ ਹੀ ਗਰਮਾਉਂਦੇ ਨਜ਼ਰ ਆ ਰਹੇ ਹਨ। ਦਿਲਚਸਪ ਪਹਿਲੂ ਇਹ ਹੈ ਕਿ ਪਾਰਟੀ ਅੰਦਰ ਟਿਕਟ ਦੇ ਕਈ ਚਾਹਵਾਨ ਹੋ ਸਕਦੇ ਹਨ, ਪਰ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਨੇ ਹੀ ਕਰਨਾ ਹੁੰਦਾ ਹੈ। ਇਸ ਦੇ ਬਾਵਜੂਦ ਦਾਅਵੇਦਾਰਾਂ ਵਿਚ ਆਪਣੀ ਪਹੁੰਚ ਅਤੇ ਲੋਕ ਆਧਾਰ ਦਿਖਾਉਣ ਦੀ ਕੋਸ਼ਿਸ਼ ਜਾਰੀ ਹੈ। ਫਲੈਕਸਾਂ ਦੀ ਵਧਦੀ ਗਿਣਤੀ ਨੂੰ ਇਸੇ ਸਿਆਸੀ ਮੁਕਾਬਲੇ ਦੇ ਇਕ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ।