ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਹੋਇਆ ਬਲੈਕਆਊਟ, ਵੱਖ-ਵੱਖ ਵਿਭਾਗਾਂ ਨੇ ਸਾਂਝੇ ਤੌਰ ’ਤੇ ਚਲਾਇਆ ਬਚਾਅ ਅਭਿਆਨ ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਹੋਇਆ ਬਲੈਕਆਊਟ, ਵੱਖ-ਵੱਖ ਵਿਭਾਗਾਂ ਨੇ ਸਾਂਝੇ ਤੌਰ ’ਤੇ ਚਲਾਇਆ ਬਚਾਅ ਅਭਿਆਨ
Publish Date: Sat, 28 Nov 2026 04:01 PM (IST)
Updated Date: Sat, 28 Nov 2026 04:02 PM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਕੋਟਕਪੂਰਾ : ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਹਵਾਈ ਹਮਲੇ ਵਰਗੀ ਐਮਰਜੈਂਸੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਤਿਆਰੀਆਂ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਕਾਰ ਤਾਲਮੇਲ ਪਰਖਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ, ਕੋਟਕਪੂਰਾ ਵਿਖੇ ਸਿਵਲ ਡਿਫੈਂਸ ਮੌਕ ਡਰਿੱਲ ਕਰਵਾਈ ਗਈ। ਇਸ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ, ਬਲੈਕਆਊਟ, ਰਾਹਤ ਅਤੇ ਬਚਾਅ ਕਾਰਜਾਂ ਦਾ ਅਭਿਆਸ ਕਰਦਿਆਂ ਵੱਖ-ਵੱਖ ਵਿਭਾਗਾਂ ਦੀ ਕਾਰਜਕੁਸ਼ਲਤਾ ਪਰਖੀ ਗਈ। ਭਾਰਤ ਦੇ ਗ੍ਰਹਿ ਅਤੇ ਰੱਖਿਆ ਮੰਤਰਾਲੇ, ਡਾਇਰੈਕਟਰ ਪੰਜਾਬ ਗਾਰਡਸ ਅਤੇ ਜ਼ਿਲ੍ਹਾ ਕਮਾਂਡਰ-ਕਮ-ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ ਇਹ ਮੌਕ ਡਰਿੱਲ ਸਵੇਰੇ 8 ਵਜੇ ਤੋਂ 8:15 ਵਜੇ ਤੱਕ ਚੱਲੀ। ਅਭਿਆਸ ਦੀ ਸ਼ੁਰੂਆਤ ਏਅਰ ਸਟ੍ਰਾਈਕ ਰੈੱਡ ਅਲਰਟ ਸਾਇਰਨ ਵਜਾਉਣ ਨਾਲ ਕੀਤੀ ਗਈ। ਇਸ ਤੋਂ ਬਾਅਦ ਨਿਰਧਾਰਤ ਖੇਤਰ ਵਿੱਚ ਬਲੈਕਆਊਟ ਦੀ ਸਥਿਤੀ ਬਣਾਈ ਗਈ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਤੈਅ ਪ੍ਰਕਿਰਿਆਵਾਂ ਦਾ ਅਭਿਆਸ ਕੀਤਾ ਗਿਆ। ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਸਟੋਰ ਸੁਪਰਡੈਂਟ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ, ਪ੍ਰਭਾਵਿਤ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ, ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਵੱਖ-ਵੱਖ ਬਚਾਅ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਅਭਿਆਸ ਅਸਲ ਸੰਕਟ ਸਮੇਂ ਘਬਰਾਹਟ ਦੀ ਬਜਾਏ ਸੁਚੱਜੇ ਢੰਗ ਨਾਲ ਕਾਰਵਾਈ ਕਰਨ ਵਿੱਚ ਸਹਾਈ ਹੁੰਦੇ ਹਨ। ਮੌਕ ਡਰਿੱਲ ਦੌਰਾਨ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਐਨਡੀਆਰਐਫ, ਐਨਸੀਸੀ, ਫਾਇਰ ਵਿਭਾਗ, ਸਿਹਤ ਵਿਭਾਗ ਅਤੇ ਹੋਰ ਐਮਰਜੈਂਸੀ ਰਿਸਪਾਂਡਰਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੀਮਾਂ ਵੱਲੋਂ ਨਕਲੀ ਹਵਾਈ ਹਮਲੇ ਦੀ ਸਥਿਤੀ ਵਿੱਚ ਪ੍ਰਭਾਵਿਤ ਵਿਅਕਤੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਦਾ ਅਭਿਆਸ ਕੀਤਾ ਗਿਆ। ਇਸ ਦੌਰਾਨ ਬਚਾਅ ਕਰਮਚਾਰੀਆਂ, ਮੈਡੀਕਲ ਸਟਾਫ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਕਾਰ ਸੰਚਾਰ ਅਤੇ ਤਾਲਮੇਲ ਦੀ ਵੀ ਪਰਖ ਕੀਤੀ ਗਈ। ਨਾਇਬ ਤਹਿਸੀਲਦਾਰ ਕੋਟਕਪੂਰਾ ਗੁਰਚਰਨ ਸਿੰਘ ਨੇ ਅਭਿਆਸ ਦੇ ਨਤੀਜਿਆਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਮੇਂ-ਸਮੇਂ ’ਤੇ ਅਜਿਹੀਆਂ ਮੌਕ ਡਰਿੱਲ ਕਰਵਾਉਣੀਆਂ ਜ਼ਰੂਰੀ ਹਨ। ਇਸ ਨਾਲ ਵੱਖ-ਵੱਖ ਵਿਭਾਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਮੁਸ਼ਕਲ ਹਾਲਾਤ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਅਨੁਭਵ ਮਿਲਦਾ ਹੈ। ਇਸ ਮੌਕੇ ਈਓ ਬਲਜਿੰਦਰ ਸਿੰਘ, ਚੀਫ ਵਾਰਡਨ ਰਿਸ਼ੀ ਪਲਤਾ, ਇੰਸੀਡੈਂਟ ਅਫ਼ਸਰ ਰਾਜਨ ਜੈਨ, ਡਿਪਟੀ ਰਾਜੀਵ ਮਲਿਕ, ਪਲਟੂਨ ਕਮਾਂਡਰ ਲਵਿਸ਼ ਕੁਮਾਰ, ਹਰਪਾਲ ਸਿੰਘ ਅਤੇ ਮੋਹਨ ਲਾਲ ਸਮੇਤ ਐੱਸਡੀਐੱਮ ਦਫ਼ਤਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।