- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਠਜੋੜ ਤੋਂ ਬਾਅਦ ਜੈਤੋ ਦੇ ਭਾਜਪਾ ਆਗੂ ਦੀ ਪੋਸਟ ਨੇ ਛੇੜੇ ਬਗਾਵਤੀ ਸੁਰ,

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਗੱਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਖ਼ਾਸ ਕਰਕੇ ਭਾਜਪਾ ਦੇ ਉਨ੍ਹਾਂ ਆਗੂਆਂ ਵਿੱਚ ਬੇਚੈਨੀ ਦੇ ਸੰਕੇਤ ਮਿਲਣ ਲੱਗੇ ਹਨ, ਜਿਹੜੇ ਲੰਮੇ ਸਮੇਂ ਤੋਂ ਆਪਣੇ-ਆਪਣੇ ਹਲਕਿਆਂ ਵਿੱਚ ਪਾਰਟੀ ਲਈ ਸਰਗਰਮ ਰਹੇ ਹਨ ਅਤੇ ਵਿਧਾਨ ਸਭਾ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਸਨ। ਇਸੇ ਦੌਰਾਨ ਵਿਧਾਨ ਸਭਾ ਹਲਕਾ ਜੈਤੋ ਤੋਂ ਭਾਜਪਾ ਦੇ ਪੁਰਾਣੇ ਅਤੇ ਸੀਨੀਅਰ ਆਗੂ ਜਸਪਾਲ ਸਿੰਘ ਪੰਜਗਰਾਈ ਦੀ ਸੋਸ਼ਲ ਮੀਡੀਆ ’ਤੇ ਕੀਤੀ ਪੋਸਟ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਸਪਾਲ ਸਿੰਘ ਪੰਜਗਰਾਈ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਸਮਰਥਕਾਂ ਨੂੰ ਹੌਸਲਾ ਨਾ ਹਾਰਨ ਦਾ ਸੁਨੇਹਾ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਜੈਤੋ ਤੋਂ ਹੀ ਲੜਨਗੇ ਅਤੇ ਉਹ ਵੀ ਪਾਰਟੀ ਦੇ ਚੋਣ ਨਿਸ਼ਾਨ ’ਤੇ। ਉਨ੍ਹਾਂ ਦੀ ਇਸ ਪੋਸਟ ਨੂੰ ਗੱਠਜੋੜ ਤੋਂ ਬਾਅਦ ਭਾਜਪਾ ਦੇ ਸਥਾਨਕ ਆਗੂਆਂ ਦੀਆਂ ਸਿਆਸੀ ਇੱਛਾਵਾਂ ਅਤੇ ਭਵਿੱਖ ਨੂੰ ਲੈ ਕੇ ਪੈਦਾ ਹੋ ਰਹੀ ਬੇਚੈਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਵਿਧਾਨ ਸਭਾ ਹਲਕਿਆਂ ਦੀ ਵੰਡ ਨੂੰ ਲੈ ਕੇ ਸਿਆਸੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਫਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਬਾਰੇ ਵੀ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਇਹ ਤਿੰਨੇ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਸਕਦੀਆਂ ਹਨ। ਹਾਲਾਂਕਿ ਸੀਟਾਂ ਦੀ ਵੰਡ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ, ਪਰ ਇਨ੍ਹਾਂ ਚਰਚਾਵਾਂ ਨੇ ਭਾਜਪਾ ਦੇ ਸਥਾਨਕ ਆਗੂਆਂ ਦੀਆਂ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਹਨ। ਜਸਪਾਲ ਸਿੰਘ ਪੰਜਗਰਾਈ ਦੀ ਪੋਸਟ ਨੂੰ ਇਸੇ ਸਿਆਸੀ ਪਿਛੋਕੜ ਵਿੱਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ 2027 ਦੀ ਚੋਣ ਜੈਤੋ ਤੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਨ ਦੇ ਐਲਾਨ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਭਾਜਪਾ ਦੇ ਸਥਾਨਕ ਆਗੂ ਆਪਣੇ ਹਲਕਿਆਂ ਵਿੱਚ ਪਾਰਟੀ ਦੀ ਸਿਆਸੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਹਾਈਕਮਾਂਡ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਜੇਕਰ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਅਕਾਲੀ ਦਲ ਦੇ ਹਿੱਸੇ ਆ ਜਾਂਦੀਆਂ ਹਨ ਤਾਂ ਉਨ੍ਹਾਂ ਭਾਜਪਾ ਆਗੂਆਂ ਦਾ ਕੀ ਸਿਆਸੀ ਭਵਿੱਖ ਹੋਵੇਗਾ, ਜਿਹੜੇ ਲੰਮੇ ਸਮੇਂ ਤੋਂ ਇਨ੍ਹਾਂ ਹਲਕਿਆਂ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ? ਇਸ ਮਾਮਲੇ ਦਾ ਇੱਕ ਹੋਰ ਅਹਿਮ ਪਹਿਲੂ ਇਹ ਵੀ ਹੈ ਕਿ ਗੱਠਜੋੜ ਦੀ ਸਫਲਤਾ ਸਿਰਫ਼ ਦੋਵਾਂ ਪਾਰਟੀਆਂ ਦੇ ਸੂਬਾਈ ਜਾਂ ਕੌਮੀ ਆਗੂਆਂ ਦੇ ਇਕੱਠੇ ਆਉਣ ਨਾਲ ਹੀ ਤੈਅ ਨਹੀਂ ਹੋਵੇਗੀ, ਸਗੋਂ ਜ਼ਮੀਨੀ ਪੱਧਰ ’ਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵਿਚਾਲੇ ਤਾਲਮੇਲ ਵੀ ਬੇਹੱਦ ਅਹਿਮ ਹੋਵੇਗਾ। ਜੇਕਰ ਕਿਸੇ ਹਲਕੇ ਵਿੱਚ ਇੱਕ ਪਾਰਟੀ ਦਾ ਦਾਅਵੇਦਾਰ ਟਿਕਟ ਦੀ ਉਮੀਦ ਲਗਾਈ ਬੈਠਾ ਹੋਵੇ ਅਤੇ ਗੱਠਜੋੜ ਤਹਿਤ ਉਹ ਸੀਟ ਦੂਜੀ ਪਾਰਟੀ ਦੇ ਹਿੱਸੇ ਚਲੀ ਜਾਵੇ ਤਾਂ ਅਜਿਹੇ ਹਾਲਾਤ ਵਿੱਚ ਵਰਕਰਾਂ ਨੂੰ ਇਕਜੁੱਟ ਰੱਖਣਾ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਫਰੀਦਕੋਟ ਜ਼ਿਲ੍ਹੇ ਵਿੱਚ ਭਾਜਪਾ ਦੇ ਕਈ ਆਗੂ ਲੰਮੇ ਸਮੇਂ ਤੋਂ ਆਪਣੇ ਹਲਕਿਆਂ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਦੀਆਂ ਵੀ ਵਿਧਾਨ ਸਭਾ ਚੋਣਾਂ ਲੜਨ ਦੀਆਂ ਸਿਆਸੀ ਇੱਛਾਵਾਂ ਹਨ। ਅਜਿਹੇ ਵਿੱਚ ਜੇਕਰ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਅਕਾਲੀ ਦਲ ਦੇ ਖਾਤੇ ਵਿੱਚ ਜਾਂਦੀਆਂ ਹਨ ਤਾਂ ਭਾਜਪਾ ਨੂੰ ਆਪਣੇ ਸਥਾਨਕ ਆਗੂਆਂ ਨੂੰ ਨਾਲ ਜੋੜ ਕੇ ਰੱਖਣ ਲਈ ਵਿਸ਼ੇਸ਼ ਰਣਨੀਤੀ ਬਣਾਉਣੀ ਪੈ ਸਕਦੀ ਹੈ। ਹੁਣ ਸਿਆਸੀ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਭਾਜਪਾ ਹਾਈਕਮਾਂਡ ਫਰੀਦਕੋਟ ਜ਼ਿਲ੍ਹੇ ਵਿੱਚ ਆਪਣੇ ਆਗੂਆਂ ਦੀਆਂ ਭਾਵਨਾਵਾਂ ਅਤੇ ਦਾਅਵੇਦਾਰੀਆਂ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ। ਕੀ ਗੱਠਜੋੜ ਤਹਿਤ ਸੀਟਾਂ ਦੀ ਵੰਡ ਵੇਲੇ ਭਾਜਪਾ ਨੂੰ ਵੀ ਜ਼ਿਲ੍ਹੇ ਵਿੱਚ ਕੋਈ ਵਿਧਾਨ ਸਭਾ ਸੀਟ ਮਿਲੇਗੀ ਜਾਂ ਫਿਰ ਪਾਰਟੀ ਦੇ ਸਥਾਨਕ ਆਗੂਆਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੰਮ ਕਰਨ ਲਈ ਮਨਾਉਣਾ ਪਵੇਗਾ? ਜਸਪਾਲ ਸਿੰਘ ਪੰਜਗਰਾਈ ਦੀ ਪੋਸਟ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਹੈ ਕਿ ਗੱਠਜੋੜ ਦੀ ਅਸਲ ਪ੍ਰੀਖਿਆ ਸੀਟਾਂ ਦੀ ਵੰਡ ਅਤੇ ਸਥਾਨਕ ਆਗੂਆਂ ਦੀ ਸਹਿਮਤੀ ਦੌਰਾਨ ਹੀ ਹੋਵੇਗੀ।