ਸਾਦਿਕ ਦੇ ਮੰਚ ਤੋਂ ਵੜਿੰਗ ਨੇ ਚੰਨੀ ਧੜੇ ਨੂੰ ਦਿੱਤਾ ਸਿਆਸੀ ਸੁਨੇਹਾ! ਸਾਦਿਕ ਦੇ ਮੰਚ ਤੋਂ ਵੜਿੰਗ ਨੇ ਚੰਨੀ ਧੜੇ ਨੂੰ ਦਿੱਤਾ ਸਿਆਸੀ ਸੁਨੇਹਾ!
Publish Date: Thu, 26 Nov 2026 03:31 PM (IST)
Updated Date: Thu, 26 Nov 2026 03:34 PM (IST)
ਬੱਬੂ ਬਰਾੜ ਦੀ ਟਿਕਟ ਲਈ ਰਾਹੁਲ ਗਾਂਧੀ ਤੱਕ ਪਹੁੰਚ ਕਰਨ ਦਾ ਐਲਾਨ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਸਿਆਸੀ ਤਾਕਤ ਦਿਖਾਉਣ ਅਤੇ ਆਪਣੇ ਸਮਰਥਕਾਂ ਨੂੰ ਅੱਗੇ ਲਿਆਉਣ ਦੀ ਕਵਾਇਦ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਬੁੱਧਵਾਰ ਨੂੰ ਸਾਦਿਕ ਵਿਖੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵੱਲੋਂ ਕਰਵਾਏ ਸਮਾਗਮ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ। ਸਮਾਗਮ ਵਿੱਚ ਵੜਿੰਗ ਸਮਰਥਕਾਂ ਦਾ ਇਕੱਠ ਇੱਕ ਪਾਸੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰਦਾ ਦਿਖਾਈ ਦਿੱਤਾ, ਜਦਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਆਗੂਆਂ ਦੀ ਗੈਰ-ਮੌਜੂਦਗੀ ਨੇ ਪਾਰਟੀ ਦੀ ਅੰਦਰੂਨੀ ਏਕਤਾ ਬਾਰੇ ਸਵਾਲ ਖੜ੍ਹੇ ਕਰ ਦਿੱਤੇ। ਇਸ ਸਮਾਗਮ ਦੀ ਸਭ ਤੋਂ ਵੱਡੀ ਸਿਆਸੀ ਗੱਲ ਇਹ ਰਹੀ ਕਿ ਰਾਜਾ ਵੜਿੰਗ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਤੋਂ ਟਿਕਟ ਦੇਣ ਦੀ ਖੁੱਲ੍ਹੀ ਵਕਾਲਤ ਕਰ ਦਿੱਤੀ। ਉਨ੍ਹਾਂ ਨੇ ਬੱਬੂ ਬਰਾੜ ਦਾ ਨਾਂ ਰਾਹੁਲ ਗਾਂਧੀ ਕੋਲ ਵੀ ਉਠਾਉਣ ਦਾ ਐਲਾਨ ਕਰਕੇ ਇਹ ਸੰਕੇਤ ਦਿੱਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਫ਼ਰੀਦਕੋਟ ਦੀ ਟਿਕਟ ਨੂੰ ਲੈ ਕੇ ਸਿਆਸੀ ਪੈਰਵੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਬੱਬੂ ਬਰਾੜ ਦੇ ਹੱਕ ਚ ਵੜਿੰਗ ਦੀ ਖੁੱਲ੍ਹੀ ਬੱਲੇ-ਬੱਲੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦੇ ਪੁੱਤਰ ਬੱਬੂ ਬਰਾੜ ਦੀ ਉਮੀਦਵਾਰੀ ਦੀ ਹਮਾਇਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਛਵੀ ਬੇਦਾਗ ਹੈ ਅਤੇ ਪਾਰਟੀ ਨੂੰ ਅਜਿਹੇ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜਿਹੜੇ ਆਮ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਬੱਬੂ ਬਰਾੜ ਦਾ ਨਾਂ ਰਾਹੁਲ ਗਾਂਧੀ ਸਾਹਮਣੇ ਰੱਖਣਗੇ ਅਤੇ ਉਨ੍ਹਾਂ ਨੂੰ ਟਿਕਟ ਦੇਣ ਦੀ ਪੈਰਵੀ ਕਰਨਗੇ। ਵੜਿੰਗ ਦਾ ਇਹ ਬਿਆਨ ਸਿਰਫ਼ ਇੱਕ ਆਗੂ ਦੀ ਸ਼ਲਾਘਾ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੂੰ ਫ਼ਰੀਦਕੋਟ ਹਲਕੇ ਵਿੱਚ 2027 ਦੀ ਉਮੀਦਵਾਰੀ ਲਈ ਪਹਿਲੀ ਵੱਡੀ ਸਿਆਸੀ ਪੈਰਵੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਾਂਗਰਸ ਦੀ ਪੁਰਾਣੀ ਸਿਆਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਆਮ ਲੋਕਾਂ ਵਿੱਚੋਂ ਉੱਠ ਕੇ ਆਉਣ ਵਾਲੇ ਆਗੂਆਂ ਨੂੰ ਅੱਗੇ ਆਉਣ ਦੇ ਮੌਕੇ ਮਿਲਦੇ ਸਨ, ਪਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਧਨਾਢ ਵਰਗ ਨੂੰ ਵਧੇਰੇ ਤਰਜੀਹ ਮਿਲਣ ਲੱਗੀ। ਚੰਨੀ ਦੀ ਯਾਤਰਾ ਤੋਂ ਵੜਿੰਗ ਧੜਾ ਗਾਇਬ, ਹੁਣ ਵੜਿੰਗ ਦੇ ਸਮਾਗਮ ਤੋਂ ਚੰਨੀ ਧੜੇ ਨੇ ਬਣਾਈ ਦੂਰੀ ਫ਼ਰੀਦਕੋਟ ਕਾਂਗਰਸ ਦੀ ਧੜੇਬੰਦੀ ਨੂੰ ਸਮਝਣ ਲਈ ਪਿਛਲੇ ਦਿਨਾਂ ਦੀਆਂ ਦੋ ਸਿਆਸੀ ਘਟਨਾਵਾਂ ਕਾਫ਼ੀ ਅਹਿਮ ਮੰਨੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਦੌਰਾਨ ਰਾਜਾ ਵੜਿੰਗ ਦੇ ਸਮਰਥਕ ਮੰਨੇ ਜਾਂਦੇ ਕਈ ਪ੍ਰਮੁੱਖ ਆਗੂ ਨਜ਼ਰ ਨਹੀਂ ਆਏ ਸਨ। ਹੁਣ ਸਾਦਿਕ ਦੇ ਸਮਾਗਮ ਵਿੱਚ ਚੰਨੀ ਧੜੇ ਨਾਲ ਸਬੰਧਤ ਆਗੂਆਂ ਦੀ ਗੈਰ-ਮੌਜੂਦਗੀ ਨੇ ਇਸ ਸਿਆਸੀ ਦੂਰੀ ਨੂੰ ਮੁੜ ਉਜਾਗਰ ਕੀਤਾ ਹੈ। ਚੰਨੀ ਦੀ ਯਾਤਰਾ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਕੋਟਕਪੂਰਾ ਤੋਂ ਧਨਜੀਤ ਸਿੰਘ ਧਨੀ ਵਿਰਕ ਅਤੇ ਜੈਤੋ ਤੋਂ ਪ੍ਰਕਾਸ਼ ਸਿੰਘ ਭੱਟੀ ਸਮੇਤ ਉਨ੍ਹਾਂ ਦੇ ਸਮਰਥਕ ਸ਼ਾਮਲ ਨਹੀਂ ਹੋਏ ਸਨ। ਇਸ ਦੇ ਉਲਟ ਸਾਦਿਕ ਦੇ ਸਮਾਗਮ ਵਿੱਚ ਇਹ ਆਗੂ ਰਾਜਾ ਵੜਿੰਗ ਦੇ ਨਾਲ ਖੜ੍ਹੇ ਦਿਖਾਈ ਦਿੱਤੇ। ਦੂਜੇ ਪਾਸੇ ਚੰਨੀ ਦੇ ਕਰੀਬੀ ਮੰਨੇ ਜਾਂਦੇ ਕੁਸ਼ਲਦੀਪ ਸਿੰਘ ਕਿਕੀ ਢਿੱਲੋਂ, ਕੋਟਕਪੂਰਾ ਤੋਂ ਅਜੈਪਾਲ ਸਿੰਘ ਸੰਧੂ ਅਤੇ ਜੈਤੋ ਤੋਂ ਮੁਹੰਮਦ ਸਦੀਕ ਤੇ ਦਰਸ਼ਨ ਢਿੱਲਵਾਂ ਦੀ ਗੈਰ-ਮੌਜੂਦਗੀ ਨੇ ਸਿਆਸੀ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਦੋਵਾਂ ਸਮਾਗਮਾਂ ਦੀਆਂ ਤਸਵੀਰਾਂ ਨੂੰ ਇਕੱਠੇ ਰੱਖ ਕੇ ਦੇਖਿਆ ਜਾਵੇ ਤਾਂ ਜ਼ਿਲ੍ਹੇ ਵਿੱਚ ਕਾਂਗਰਸ ਦੇ ਆਗੂਆਂ ਦੀ ਸਿਆਸੀ ਸਰਗਰਮੀ ਵੱਖ-ਵੱਖ ਧਿਰਾਂ ਦੇ ਆਲੇ-ਦੁਆਲੇ ਕੇਂਦਰਿਤ ਦਿਖਾਈ ਦਿੰਦੀ ਹੈ। ਆਪ ਸਰਕਾਰ ਨੂੰ ਘੇਰਿਆ, ਕਾਂਗਰਸੀ ਵਰਕਰਾਂ ਨੂੰ ਦਿੱਤਾ ਸਰਗਰਮੀ ਦਾ ਸੱਦਾ ਸਮਾਗਮ ਦੌਰਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੋ ਰਹੀ ਹੈ ਅਤੇ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ 25 ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਸਰਕਾਰ ਦੀਆਂ ਕਥਿਤ ਨਾਕਾਮੀਆਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣਾ ਚਾਹੀਦਾ ਹੈ। 2027 ਦੀ ਟਿਕਟ ਤੋਂ ਪਹਿਲਾਂ ਹੀ ਸ਼ੁਰੂ ਹੋਈ ਸਿਆਸੀ ਲਾਮਬੰਦੀ ਸਾਦਿਕ ਦਾ ਸਮਾਗਮ ਇਹ ਸੰਕੇਤ ਦੇ ਗਿਆ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਾਂਗਰਸ ਦੀ ਸਿਆਸਤ ਹੁਣ ਸਿਰਫ਼ ਪਾਰਟੀ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਰਹੀ। ਇੱਕ ਪਾਸੇ ਬੱਬੂ ਬਰਾੜ ਦੀ ਟਿਕਟ ਲਈ ਰਾਜਾ ਵੜਿੰਗ ਨੇ ਖੁੱਲ੍ਹ ਕੇ ਮੋਰਚਾ ਸੰਭਾਲਿਆ ਹੈ, ਦੂਜੇ ਪਾਸੇ ਚੰਨੀ ਅਤੇ ਵੜਿੰਗ ਨਾਲ ਜੁੜੇ ਆਗੂਆਂ ਦੀ ਵੱਖਰੀ ਮੌਜੂਦਗੀ ਨੇ ਪਾਰਟੀ ਅੰਦਰ ਸਿਆਸੀ ਪ੍ਰਭਾਵ ਦੀ ਲੜਾਈ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਹੁਣ ਅਸਲ ਸਵਾਲ ਇਹ ਹੈ ਕਿ 2027 ਦੀਆਂ ਚੋਣਾਂ ਨੇੜੇ ਆਉਣ ਤੱਕ ਫ਼ਰੀਦਕੋਟ ਕਾਂਗਰਸ ਵਿੱਚ ਕਿਹੜੇ ਧੜੇ ਦੀ ਪਕੜ ਮਜ਼ਬੂਤ ਹੁੰਦੀ ਹੈ ਅਤੇ ਹਾਈਕਮਾਂਡ ਉਮੀਦਵਾਰ ਦੀ ਚੋਣ ਸਮੇਂ ਸਥਾਨਕ ਸਿਆਸੀ ਸਮੀਕਰਨਾਂ ਨੂੰ ਕਿੰਨੀ ਤਰਜੀਹ ਦਿੰਦੀ ਹੈ। ਫਿਲਹਾਲ ਸਾਦਿਕ ਦੇ ਮੰਚ ਤੋਂ ਬੱਬੂ ਬਰਾੜ ਦੀ ਦਾਅਵੇਦਾਰੀ ਨੂੰ ਮਿਲੀ ਖੁੱਲ੍ਹੀ ਹਮਾਇਤ ਨੇ ਫ਼ਰੀਦਕੋਟ ਦੀ ਕਾਂਗਰਸੀ ਸਿਆਸਤ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।