- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲਪ੍ਰੀਤ ਗੁਰੀ ਨੇ ਵਿਸ਼ਵ ਰਿਕਾਰਡ ਸਦਕਾ ਵਧਾਇਆ ਪੰਜਾਬੀ ਸਾਹਿਤ ਦਾ ਮਾਣ : ਪ੍ਰੋ. ਭੋਲਾ ਯਮਲਾ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਲੇਖਿਕਾ ਅਤੇ ਇੰਡਿਕ ਆਰਟਸ ਵੈਲਫੇਅਰ ਕੌਂਸਲ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪ੍ਰਧਾਨ ਦਿਲਪ੍ਰੀਤ ਗੁਰੀ ਨੇ ਆਪਣੀਆਂ 11 ਸਾਹਿਤਕ ਪੁਸਤਕਾਂ ਨੂੰ ਇੱਕੋ ਵਿਲੱਖਣ ਸਮੇਂ ’ਤੇ ਲੋਕ ਅਰਪਣ ਕਰਵਾ ਕੇ ਸਾਹਿਤਕ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ 11 ਨਵੰਬਰ ਨੂੰ ਸਵੇਰੇ 11 ਵੱਜ ਕੇ 11 ਮਿੰਟ ’ਤੇ 11.11.11.11.11 ਦੇ ਵਿਲੱਖਣ ਸੰਯੋਗ ਨਾਲ ਇਹ ਪੁਸਤਕਾਂ ਲੋਕ ਅਰਪਣ ਕਰਵਾਈਆਂ। ਉਨ੍ਹਾਂ ਦੀ ਇਸ ਵਿਲੱਖਣ ਪ੍ਰਾਪਤੀ ਨੂੰ OMG Book of Records ਵੱਲੋਂ ਵਿਸ਼ਵ ਰਿਕਾਰਡ ਵਜੋਂ ਦਰਜ ਕੀਤਾ ਗਿਆ ਹੈ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੀ ਸਾਹਿਤਕ ਪਛਾਣ ਨੂੰ ਨਵੀਂ ਉਚਾਈ ਦਿੱਤੀ ਹੈ, ਸਗੋਂ ਪੰਜਾਬੀ ਮਾਂ-ਬੋਲੀ ਦਾ ਮਾਣ ਵੀ ਵਧਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਚਰਚਿਤ ਕਹਾਣੀ ਪੁਸਤਕ ‘ਕੁੱਜੇ ’ਚ ਰੱਬ’ ਦਾ ਸ਼ਾਹਮੁਖੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਣਾ ਵੀ ਪੰਜਾਬੀ ਸਾਹਿਤ ਨੂੰ ਵੱਖ-ਵੱਖ ਭਾਸ਼ਾਵਾਂ ਦੇ ਪਾਠਕਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਉਪਰਾਲਾ ਹੈ। ਦਿਲਪ੍ਰੀਤ ਗੁਰੀ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇ ਸੰਸਥਾਪਕ ਡਾਇਰੈਕਟਰ ਅਤੇ ਚੇਅਰਮੈਨ, ਸਟੇਟ ਐਵਾਰਡੀ ਪ੍ਰੋ. ਭੋਲਾ ਯਮਲਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਲੰਮੀ ਸਾਹਿਤਕ ਸਾਧਨਾ, ਸਿਰਜਣਾਤਮਕ ਪ੍ਰਤਿਭਾ ਅਤੇ ਅਣਥੱਕ ਮਿਹਨਤ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਗੁਰੀ ਨੇ ਆਪਣੀ ਕਲਮ ਦੀ ਤਾਕਤ ਨਾਲ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਅਜਿਹੀਆਂ ਪ੍ਰਾਪਤੀਆਂ ਨਵੀਂ ਪੀੜ੍ਹੀ ਦੇ ਲੇਖਕਾਂ ਅਤੇ ਸਾਹਿਤਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਪ੍ਰੋ. ਭੋਲਾ ਯਮਲਾ ਨੇ ਐਲਾਨ ਕੀਤਾ ਕਿ ਦਿਲਪ੍ਰੀਤ ਗੁਰੀ ਦੀ ਇਸ ਵਿਸ਼ਵ ਪੱਧਰੀ ਪ੍ਰਾਪਤੀ ਦੇ ਮੱਦੇਨਜ਼ਰ ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਕਰਵਾਏ ਜਾਣ ਵਾਲੇ 19ਵੇਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਂਸਲ ਕਲਾ, ਸਾਹਿਤ, ਸੰਗੀਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਹੌਸਲਾ-ਅਫ਼ਜ਼ਾਈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਅੰਤ ਵਿੱਚ ਉਨ੍ਹਾਂ ਨੇ ਕੌਂਸਲ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਦਿਲਪ੍ਰੀਤ ਗੁਰੀ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਸਾਹਿਤਕ ਭਵਿੱਖ ਅਤੇ ਹੋਰ ਨਵੇਂ ਕੀਰਤੀਮਾਨ ਸਥਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।