ਜਨਗਣਨਾ ਦੇ ਅੰਕੜੇ ਵਿਕਾਸ ਯੋਜਨਾਵਾਂ ਦਾ ਅਹਿਮ ਆਧਾਰ : ਗੋਬਿੰਦਰ ਵਾਲੀਆ ਜਨਗਣਨਾ ਦੇ ਅੰਕੜੇ ਵਿਕਾਸ ਯੋਜਨਾਵਾਂ ਦਾ ਅਹਿਮ ਆਧਾਰ : ਗੋਬਿੰਦਰ ਵਾਲੀਆ
Publish Date: Thu, 26 Nov 2026 03:24 PM (IST)
Updated Date: Thu, 26 Nov 2026 03:25 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਜੈਤੋ ਦੇ ਸੰਗਠਨ ਇੰਚਾਰਜ, ਦਿ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਜੈਤੋ ਦੇ ਚੇਅਰਮੈਨ, ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਅਤੇ ਬਲਾਕ ਸੰਮਤੀ ਜੈਤੋ ਦੇ ਵਾਈਸ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ ਨੇ ਹਲਕਾ ਜੈਤੋ ਸਮੇਤ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਵਸਨੀਕਾਂ ਨੂੰ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਚੱਲ ਰਹੀ ਸਵੈ-ਗਣਨਾ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 30 ਨਵੰਬਰ 2026 ਤੱਕ ਚੱਲਣ ਵਾਲੀ ਇਸ ਸਵੈ-ਗਣਨਾ ਪ੍ਰਕਿਰਿਆ ਰਾਹੀਂ ਲੋਕ ਘਰ ਬੈਠੇ ਹੀ ਸਰਕਾਰੀ ਡਿਜ਼ੀਟਲ ਪੋਰਟਲ ਤੇ ਆਪਣੇ ਪਰਿਵਾਰ ਅਤੇ ਮਕਾਨ ਨਾਲ ਸਬੰਧਤ ਲੋੜੀਂਦੇ ਵੇਰਵੇ ਦਰਜ ਕਰਵਾ ਸਕਦੇ ਹਨ। ਇਹ ਸਹੂਲਤ ਲੋਕਾਂ ਲਈ ਬੇਹੱਦ ਸੁਖਾਲੀ ਹੈ, ਜਿਸ ਦਾ ਹਰੇਕ ਨਾਗਰਿਕ ਨੂੰ ਲਾਭ ਉਠਾਉਣਾ ਚਾਹੀਦਾ ਹੈ। ਗੋਬਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਨਗਣਨਾ ਦੇ ਅੰਕੜੇ ਕਿਸੇ ਵੀ ਦੇਸ਼ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਦੀ ਯੋਜਨਾਬੰਦੀ ਦਾ ਅਹਿਮ ਆਧਾਰ ਹੁੰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ਤੇ ਹੀ ਸਰਕਾਰ ਵੱਲੋਂ ਸਿੱਖਿਆ, ਸਿਹਤ, ਸੜਕਾਂ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਲੋਕ ਭਲਾਈ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਲਈ ਹਰੇਕ ਪਰਿਵਾਰ ਵੱਲੋਂ ਸਹੀ ਅਤੇ ਮੁਕੰਮਲ ਜਾਣਕਾਰੀ ਦਰਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਗੋਬਿੰਦਰ ਸਿੰਘ ਵਾਲੀਆ ਨੇ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੀ ਸਵੈ-ਗਣਨਾ ਆਈਡੀ ਨੂੰ ਸੰਭਾਲ ਕੇ ਰੱਖਿਆ ਜਾਵੇ। ਦਸੰਬਰ ਮਹੀਨੇ ਦੌਰਾਨ ਘਰ-ਘਰ ਪਹੁੰਚਣ ਵਾਲੇ ਗਣਨਾਕਾਰਾਂ ਵੱਲੋਂ ਦਰਜ ਕੀਤੀ ਜਾਣਕਾਰੀ ਦੀ ਤਸਦੀਕ ਸਮੇਂ ਇਸ ਆਈਡੀ ਦੀ ਲੋੜ ਪਵੇਗੀ। ਗੋਬਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜਨਗਣਨਾ ਸਿਰਫ਼ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਦੇਸ਼ ਦੇ ਭਵਿੱਖੀ ਵਿਕਾਸ ਦੀ ਦਿਸ਼ਾ ਤੈਅ ਕਰਨ ਵਾਲਾ ਮਹੱਤਵਪੂਰਨ ਉਪਰਾਲਾ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਮੁਹਿੰਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।