ਹਵਾ ਪ੍ਰਦੂਸ਼ਣ ਦਾ ਵਧਦਾ ਕਹਿਰ, ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹਵਾ ਪ੍ਰਦੂਸ਼ਣ ਦਾ ਵਧਦਾ ਕਹਿਰ, ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ
Publish Date: Thu, 26 Nov 2026 03:20 PM (IST)
Updated Date: Thu, 26 Nov 2026 03:22 PM (IST)
ਖੇਤੀ ਵਿਰਾਸਤ ਮਿਸ਼ਨ ਵੱਲੋਂ ਵਿਚਾਰ-ਚਰਚਾ, ਸਾਂਝੇ ਯਤਨਾਂ ਦਾ ਸੱਦਾ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਹਵਾ ਪ੍ਰਦੂਸ਼ਣ ਦਾ ਲਗਾਤਾਰ ਵਧ ਰਿਹਾ ਪੱਧਰ ਮਨੁੱਖੀ ਸਿਹਤ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪ੍ਰਦੂਸ਼ਿਤ ਹਵਾ ਕਾਰਨ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਣ ਦੇ ਨਾਲ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ਉੱਤੇ ਵੀ ਮਾੜੇ ਪ੍ਰਭਾਵ ਪੈ ਰਹੇ ਹਨ। ਇਸ ਗੰਭੀਰ ਸਮੱਸਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਦੇ ਹੱਲ ਲਈ ਸਮੂਹਿਕ ਯਤਨਾਂ ਦੀ ਲੋੜ ਨੂੰ ਉਭਾਰਨ ਵਾਸਤੇ ਖੇਤੀ ਵਿਰਾਸਤ ਮਿਸ਼ਨ (ਕੇਵੀਐੱਮ) ਵੱਲੋਂ ਬੁੱਧਵਾਰ ਨੂੰ ਕਿਸਾਨ ਭਵਨ, ਜੈਤੋ ਵਿਖੇ ਵਿਚਾਰ-ਚਰਚਾ ਬੈਠਕ ਕਰਵਾਈ ਗਈ। ‘ਸਾਡਾ ਸਾਹ, ਸਾਡੇ ਬੱਚਿਆਂ ਦਾ ਭਵਿੱਖ’ ਵਿਸ਼ੇ ਤਹਿਤ ਹੋਈ ਇਸ ਬੈਠਕ ਵਿੱਚ ਇਲਾਕਾ ਵਾਸੀਆਂ, ਕਿਸਾਨਾਂ, ਸਕੂਲਾਂ, ਸਨਅਤੀ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਿਸੇ ਇੱਕ ਵਿਅਕਤੀ ਜਾਂ ਵਰਗ ਦੀ ਸਮੱਸਿਆ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਿਹਤ ਅਤੇ ਵਾਤਾਵਰਨ ਨਾਲ ਜੁੜਿਆ ਮਸਲਾ ਹੈ, ਜਿਸ ਦਾ ਹੱਲ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੈ। ਬੈਠਕ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਸੌਰਭ ਸੈਣੀ ਨੇ ‘ਸਾਹਾਂ ਦਾ ਸੰਕਟ’ ਵਿਸ਼ੇ ਉੱਤੇ ਵਿਸਥਾਰਪੂਰਵਕ ਪੇਸ਼ਕਾਰੀ ਦਿੰਦਿਆਂ ਹਵਾ ਪ੍ਰਦੂਸ਼ਣ ਦੇ ਕਾਰਨਾਂ, ਇਸ ਦੀਆਂ ਕਿਸਮਾਂ ਅਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਏ.ਕਿਊ.ਆਈ. (ਹਵਾ ਗੁਣਵੱਤਾ ਸੂਚਕ ਅੰਕ) ਅਤੇ ਪੀ.ਐੱਮ. 2.5 ਬਾਰੇ ਸਮਝਾਉਂਦਿਆਂ ਦੱਸਿਆ ਕਿ ਪੀ.ਐੱਮ. 2.5 ਦੇ ਬਹੁਤ ਬਾਰੀਕ ਕਣ ਸਾਹ ਰਾਹੀਂ ਫੇਫੜਿਆਂ ਦੇ ਅੰਦਰਲੇ ਹਿੱਸਿਆਂ ਤੱਕ ਪਹੁੰਚ ਸਕਦੇ ਹਨ। ਇਨ੍ਹਾਂ ਦੇ ਲੰਮੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਦਮਾ, ਸਾਹ ਲੈਣ ਵਿੱਚ ਤਕਲੀਫ਼, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਜੈਤੋ, ਫ਼ਰੀਦਕੋਟ ਅਤੇ ਕੋਟਕਪੂਰਾ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਲਈ ਭਰੋਸੇਯੋਗ ਪ੍ਰਬੰਧਾਂ ਦੀ ਘਾਟ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਅਸਲ ਸਥਿਤੀ ਜਾਣਨ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਨਿਯਮਤ ਨਿਗਰਾਨੀ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ। ਇਸ ਮੌਕੇ ਕਰਨਵੀਰ ਠਾਕੁਰ ਅਤੇ ਕਰਮਵੀਰ ਰਾਜਪਾਲ ਨੇ ਸੂਚਨਾ ਤਕਨਾਲੋਜੀ (ਆਈ.ਟੀ.) ਖੇਤਰ ਵਿੱਚ ਊਰਜਾ ਅਤੇ ਪਾਣੀ ਦੀ ਲਗਾਤਾਰ ਵਧ ਰਹੀ ਖਪਤ ਨਾਲ ਸਬੰਧਤ ਅੰਕੜੇ ਵੀ ਸਾਂਝੇ ਕੀਤੇ। ਵਿਚਾਰ-ਚਰਚਾ ਦੌਰਾਨ ਵਾਹਨਾਂ ਦਾ ਧੂੰਆਂ, ਸਨਅਤੀ ਇਕਾਈਆਂ, ਇੱਟਾਂ ਦੇ ਭੱਠੇ, ਉਸਾਰੀ ਕਾਰਜਾਂ ਤੋਂ ਉੱਡਦੀ ਧੂੜ, ਖੁੱਲ੍ਹੇ ਵਿੱਚ ਕੂੜਾ ਸਾੜਨਾ, ਪਰਾਲੀ ਨੂੰ ਅੱਗ ਲਾਉਣਾ ਅਤੇ ਘਰੇਲੂ ਬਾਲਣ ਦੀ ਵਰਤੋਂ ਨੂੰ ਹਵਾ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਨਾਂ ਵਜੋਂ ਪਛਾਣਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਦੀਆਂ ਦੌਰਾਨ ਤਾਪਮਾਨ ਦੀਆਂ ਵਿਸ਼ੇਸ਼ ਸਥਿਤੀਆਂ ਕਾਰਨ ਪ੍ਰਦੂਸ਼ਿਤ ਕਣ ਹਵਾ ਵਿੱਚ ਉੱਪਰ ਜਾਣ ਦੀ ਬਜਾਏ ਧਰਤੀ ਦੇ ਨੇੜੇ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਹਵਾ ਦੀ ਗੁਣਵੱਤਾ ਹੋਰ ਖ਼ਰਾਬ ਹੋ ਜਾਂਦੀ ਹੈ। ਪਰਾਲੀ ਸਾੜਨ ਦੀ ਸਮੱਸਿਆ ਦੇ ਬਦਲਵੇਂ ਹੱਲਾਂ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਅਤੇ ਮਲਚਿੰਗ, ਸਰਫੇਸ ਸੀਡਿੰਗ ਤੇ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਵਰਗੀਆਂ ਤਕਨੀਕਾਂ ਅਪਣਾਉਣ ਉੱਤੇ ਜ਼ੋਰ ਦਿੱਤਾ ਗਿਆ। ਇਸ ਸਬੰਧੀ ਖੇਤੀ ਵਿਰਾਸਤ ਮਿਸ਼ਨ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਸੰਸਥਾ ਦੀਆਂ ਪਰਾਲੀ ਪ੍ਰਬੰਧਨ ਸਬੰਧੀ ਪਹਿਲਕਦਮੀਆਂ ਪੰਜਾਬ ਅਤੇ ਹਰਿਆਣਾ ਦੇ ਲਗਭਗ 800 ਪਿੰਡਾਂ ਦੇ 50 ਹਜ਼ਾਰ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਚੁੱਕੀਆਂ ਹਨ। ਇਸ ਮੌਕੇ ਸਮਾਜ ਸੇਵਕ ਸੁਰਿੰਦਰ ਮਹੇਸ਼ਵਰੀ, ਰਾਕੇਸ਼ ਰੋਮਾਣਾ, ਦਲੀਪ ਸਿੰਘ ਚੈਨਾ, ਗੋਰਾ ਸਿੰਘ, ਚਰਨਜੀਤ ਸਿੰਘ ਪੁੰਨੀ ਅਤੇ ਗੁਰਨੈਬ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕੂੜੇ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਉੱਤੇ ਰੋਕ ਲਾਉਣ, ਉਦਯੋਗਾਂ ਵਿੱਚ ਸਾਫ਼ ਊਰਜਾ ਦੀ ਵਰਤੋਂ ਵਧਾਉਣ, ਨਿੱਜੀ ਵਾਹਨਾਂ ਦੀ ਬੇਲੋੜੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਹਰਿਆਲੀ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਫ਼ ਹਵਾ ਨੂੰ ਯਕੀਨੀ ਬਣਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਬੈਠਕ ਦਾ ਸੰਚਾਲਨ ਹਰਮੇਲ ਪਰੀਤ ਨੇ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਅਤੇ ਸਰਸਵਤੀ ਗਰੁੱਪ ਆਫ਼ ਸਕੂਲਜ਼ ਦੇ ਸਹਿਯੋਗ ਨਾਲ ਹਵਾ ਪ੍ਰਦੂਸ਼ਣ ਵਿਰੁੱਧ ਲੋਕ ਚੇਤਨਾ ਮੁਹਿੰਮ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਗਈ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਜ਼ਮੀਨੀ ਪੱਧਰ ਉੱਤੇ ਠੋਸ ਕਦਮ ਚੁੱਕਣੇ ਸਮੇਂ ਦੀ ਮੁੱਖ ਲੋੜ ਹਨ।